ਨਿਊਜ਼ ਡੈਸਕ : ਬੀਤੇ ਦਿਨੀਂ ਅਜਨਾਲਾ ਵਿਖੇ ਜਸਬੀਰ ਸਿੰਘ ਨਾਮਕ ਏਐੱਸਆਈ ਵੱਲੋਂ ਆਪਣੇ ਪੁੱਤਰ ਗਗਨਦੀਪ ਦੀ ਮੌਤ ਦਾ ਗਮ ਨਾ ਸਹਾਰਦਿਆਂ ਖੁਦਕੁਸ਼ੀ ਕਰ ਲਈ ਗਈ ਸੀ। ਉਕਤ ਮਾਮਲੇ ਵਿਚ ਵੱਡਾ ਖੁਲਾਸਾ ਹੋਇਆ ਹੈ। ਪੁਲਿਸ ਜਾਂਚ ਵਿਚ ਮ੍ਰਿਤਕ ਗਗਨਦੀਪ ਦੇ ਮਾਮੇ ਗੁਰਦਿਆਲ ਸਿੰਘ ਨੇ ਪੁਲਿਸ ਨੂੰ ਹੈਰਾਨ ਕਰਨ ਵਾਲੇ ਬਿਆਨ ਦਿੱਤੇ ਹਨ। ਲੜਕੇ ਦੇ ਮਾਮੇ ਦਾ ਕਹਿਣਾ ਹੈ ਕਿ ਏਐੱਸਆਈ ਜਸਬੀਰ ਸਿੰਘ ਨੇ ਹੀ ਪਹਿਲਾਂ ਆਪਣੇ ਪੁੱਤਰ ਦਾ ਕਤਲ ਕੀਤਾ ਸੀ ਤੇ ਅਗਲੇ ਦਿਨ ਘਰ ਜਾ ਕੇ ਖੁਦਕੁਸ਼ੀ ਕਰ ਲਈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਗੁਰਦਿਆਲ ਸਿੰਘ ਨੇ ਕਿਹਾ ਕਿ ਜਸਬੀਰ ਸਿੰਘ, ਗਗਨਦੀਪ ਸਿੰਘ ਤੇ ਉਹ ਖੁਦ, ਤਿੰਨੋ ਪਠਾਨਕੋਟ ਵਿਖੇ ਗੱਡੀ ਖਰੀਦਣ ਲਈ ਜਾ ਰਹੇ ਸਨ ਤੇ ਉਥੇ ਜਾ ਕੇ ਦੋਵੇ ਪਿਓ-ਪੁੱਤ ਵਿਚ ਗੱਡੀ ਖਰੀਦਣ ਨੂੰ ਲੈ ਕੇ ਬਹਿਸ ਹੋ ਗਈ। ਉਥੋਂ ਵਾਪਿਸ ਆਉਂਦਿਆਂ ਮੁੱਲੇਵਾਲ ਕਲੇਰ ਪਿੰਡ ਵਿਖੇ ਉਨ੍ਹਾਂ ਦੀ ਬਹਿਸਬਾਜ਼ੀ ਇੰਨੀ ਕਿ ਵੱਧ ਗਈ ਕਿ ਉਹ ਦੋਵੇਂ ਹੱਥੋਪਾਈ ਹੋ ਗਏ ਤੇ ਜਦੋਂ ਉਹ (ਗੁਰਦਿਆਲ ਸਿੰਘ) ਉਨ੍ਹਾਂ ਨੂੰ ਛੁਡਵਾਉਣ ਗਿਆ ਤਾਂ ਜਸਬੀਰ ਨੇ ਆਪਣੇ ਪੁੱਤਰ ਨੂੰ ਗੋਲੀ ਮਾਰ ਦਿੱਤੀ ਤੇ ਲਾਸ਼ ਉਥੇ ਹੀ ਸੁੱਟ ਕੇ ਘਰ ਆ ਗਿਆ ਤੇ ਅਗਲੇ ਦਿਨ ਆਪ ਵੀ ਖੁਦਕੁਸ਼ੀ ਕਰ ਲਈ।
ਜ਼ਿਕਰਯੋਗ ਹੈ ਕਿ ਜਦੋਂ ਪੁਲਿਸ ਨੂੰ ਗਗਦੀਪ ਦੀ ਲਾਸ਼ ਮਿਲੀ ਸੀ ਉਸ ਸਮੇਂ ਪਛਾਣ ਨਾ ਹੋਣ ਕਾਰਨ ਉਨ੍ਹਾਂ ਨੇ ਕੋਈ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਪਰ ਜਦੋਂ ਖੁਲਾਸਾ ਹੋਇਆ ਤਾਂ ਉਦੋਂ ਤਕ ਜਸਬੀਰ ਸਿੰਘ ਨੇ ਵੀ ਖੁਦ ਨੂੰ ਗੋਲੀ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਸੀ। ਫਿਲਹਾਲ ਗੁਰਦਿਆਲ ਸਿੰਘ ਕੋਲੋਂ ਪੁਲਿਸ ਵੱਲੋਂ ਪੁੱਛਗਿੱਛ ਜਾਰੀ ਹੈ।