ਨਿਊਜ਼ ਡੈਸਕ (ਰਿੰਪੀ ਸ਼ਰਮਾ) : ਤਰਨਤਾਰਨ ਸ਼ਹਿਰ ’ਚ ਸਥਿਤ ਇਕ ਕੋਠੀ ’ਚ ਔਰਤ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਾਰਦਾਤ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਸਰਬਜੀਤ ਕੌਰ ਪਤਨੀ ਜਸਬੀਰ ਸਿੰਘ, ਜੋ ਆਪਣੇ ਪੇਕੇ ਪਿੰਡ ਮਾਣੋਚਾਹਲ ਵਿਖੇ ਆਪਣੀ 11 ਸਾਲਾ ਬੇਟੇ ਨਾਲ ਰਹਿ ਰਹੀ ਸੀ, ਦਾ ਪਤੀ ਫੌਜ ’ਚੋਂ ਹੀ ਸੇਵਾ-ਮੁਕਤ ਹੋਣ ਉਪਰੰਤ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਪੁੱਜਾ ਸੀ।
ਉਸ ਨੇ ਆਪਣੀ ਪਤਨੀ ਸਰਬਜੀਤ ਕੌਰ ਨੂੰ ਫੋਨ ਕਰਕੇ ਦੱਸਿਆ ਕਿ ਉਹ ਆਪਣੇ ਤਰਨਤਾਰਨ ਪਾਰਕ ਐਵੇਨਿਊ ਵਿਖੇ ਮੌਜੂਦ ਕੋਠੀ ’ਚ ਪੁੱਜ ਜਾਵੇਗਾ, ਜਿਸ ਤਹਿਤ ਕੋਠੀ ਦੀ ਸਫ਼ਾਈ ਕਰ ਦਿੱਤੀ ਜਾਵੇ। ਜਦੋਂ ਜਸਬੀਰ ਸਿੰਘ ਆਪਣੇ ਘਰ ’ਚ ਪੁੱਜਾ ਤਾਂ ਉਥੇ ਆਪਣੀ ਪਤਨੀ ਦੀ ਲਹੂ-ਲੁਹਾਨ ਹੋਈ ਲਾਸ਼ ਦੇਖ ਕੇ ਸਦਮਾ ਲੱਗਾ ਕਿ ਉਸ ਨੇ ਥੋੜ੍ਹੀ ਦੇਰ ਪਹਿਲਾਂ ਹੀ ਉਸ ਨਾਲ ਗੱਲ ਕੀਤੀ ਸੀ। ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।
ਇਸ ਸਬੰਧੀ ਥਾਣਾ ਸਿਟੀ ਮੁਖੀ ਉਪਕਾਰ ਸਿੰਘ ਨੇ ਦੱਸਿਆ ਕਿ ਇਸ ਕਤਲਕਾਂਡ ਨੂੰ ਜਲਦ ਹੱਲ ਕਰਨ ਲਈ ਪੁਲਿਸ ਨੇ ਸਾਈਬਰ ਸੈੱਲ ਅਤੇ ਹੋਰ ਵੱਖ-ਵੱਖ ਟੀਮਾਂ ਦੀ ਮਦਦ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।