ਪੀ. ਐੱਮ. ਪਬਲਿਸ਼ਰਜ਼ ਪ੍ਰਾਈਵੇਟ ਲਿਮਟਿਡ ਦੀਆਂ ਕਿਤਾਬਾਂ ਫੋਟੋਸਟੇਟ ਕਰਕੇ ਵੇਚਣ ’ਤੇ ਕਿਰਨ ਬੁੱਕ ਡਿਪੂ ਦਾ ਮਾਲਕ ਗ੍ਰਿਫ਼ਤਾਰ

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ ਵਿਖੇ ਨੋਇਡਾ ਆਧਾਰਿਤ ਕੰਪਨੀ ਪੀ. ਐੱਮ. ਪਬਲਿਸ਼ਰਜ਼ ਪ੍ਰਾਈਵੇਟ ਲਿਮਟਿਡ ਦੀਆਂ ਕਿਤਾਬਾਂ ਫੋਟੋਸਟੇਟ ਕਰਕੇ ਵਿਦਿਆਰਥੀਆਂ ਨੂੰ ਵੇਚਣ ਵਾਲੇ ਕਿਰਨ ਬੁੱਕ ਡਿਪੂ ਦੇ ਮਾਲਕ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਕਿਰਨ ਬੁੱਕ ਡਿਪੂ ਦੇ ਮਾਲਕ ਕਿਰਨ ਆਨੰਦ ਖ਼ਿਲਾਫ਼ ਕਾਪੀਰਾਈਟ ਐਕਟ 1957, 63, ਕਾਪੀਰਾਈਟ 1957, 65 ਅਤੇ 420 ਆਈ. ਪੀ. ਸੀ. ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਸੀ, ਜਦੋਂ ਕਿ ਉਸ ਕੋਲੋਂ 2 ਫੋਟੋਸਟੇਟ ਕਰਕੇ ਵੇਚਣ ਲਈ ਰੱਖੀਆਂ 2 ਕਿਤਾਬਾਂ ਵੀ ਬਰਾਮਦ ਕਰ ਲਈਆਂ ਗਈਆਂ ਹਨ।

ਥਾਣਾ ਨੰਬਰ 3 ਦੇ ਇੰਚਾਰਜ ਪਰਮਬੀਨ ਖਾਨ ਨੇ ਦੱਸਿਆ ਕਿ ਪੀ. ਐੱਮ. ਪਬਲਿਸ਼ਰਜ਼ ਲਿਮਟਿਡ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੀ ਕੰਪਨੀ ਦੇਸ਼ ਭਰ ਦੇ ਸਕੂਲਾਂ ਨਾਲ ਕਿਤਾਬਾਂ ਦੀ ਡੀਲਿੰਗ ਕਰਦੀ ਹੈ। ਉਨ੍ਹਾਂ ਵੱਲੋਂ ਪਬਲਿਸ਼ ਕੀਤੀਆਂ ਕਿਤਾਬਾਂ ਨੂੰ ਮਾਈ ਹੀਰਾਂ ਗੇਟ ਸਥਿਤ ਕਿਰਨ ਬੁੱਕ ਡਿਪੂ ਦਾ ਮਾਲਕ ਫੋਟੋਸਟੇਟ ਕਰਕੇ ਦੁਕਾਨ ਵਿਚ ਆਉਣ ਵਾਲੇ ਗਾਹਕਾਂ ਨੂੰ ਵੇਚ ਰਿਹਾ ਹੈ। ਸ਼ਿਕਾਇਤ ਵਿਚ ਇਹ ਵੀ ਕਿਹਾ ਗਿਆ ਕਿ ਉਹ ਹੁਣ ਤੱਕ 9 ਹਜ਼ਾਰ ਦੇ ਲਗਭਗ ਕਿਤਾਬਾਂ ਫੋਟੋਸਟੇਟ ਕਰਕੇ ਵੇਚ ਚੁੱਕਾ ਹੈ, ਜਿਸ ਨਾਲ ਉਨ੍ਹਾਂ ਦੀ ਕੰਪਨੀ ਨੂੰ ਕਾਫੀ ਨੁਕਸਾਨ ਪੁੱਜਾ ਹੈ।

ਥਾਣਾ ਇੰਚਾਰਜ ਪਰਮਬੀਨ ਖਾਨ ਨੇ ਕਿਹਾ ਕਿ ਕਿਰਨ ਆਨੰਦ ਦੀ ਗ੍ਰਿਫ਼ਤਾਰੀ ਕਰ ਲਿਆ ਹੈ ਅਤੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ ਤਾਂ ਕਿ ਪਤਾ ਲੱਗ ਸਕੇ ਕਿ ਉਸ ਨੇ ਅਜਿਹੀਆਂ ਹੋਰ ਕਿਹੜੀਆਂ-ਕਿਹੜੀਆਂ ਕਿਤਾਬਾਂ ਫੋਟੋਸਟੇਟ ਕਰਕੇ ਵੇਚੀਆਂ।