ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਰਕਾਰ ਨੇ ਕਿਹਾ ਕਿ ਫਰਵਰੀ ਤੋਂ ਹੁਣ ਤੱਕ 22,500 ਭਾਰਤੀ ਯੂਕਰੇਨ ਤੋਂ ਘਰ ਪਰਤ ਚੁੱਕੇ ਹਨ ਅਤੇ 40-50 ਹਾਲੇ ਵੀ ਉਥੇ ਹਨ, ਜਿਨ੍ਹਾਂ 'ਚੋਂ ਕੁਝ ਹੀ ਵਾਪਸ ਆਉਣ ਦੇ ਇਛੁੱਕ ਹਨ। ਵਿਦੇਸ਼ ਰਾਜ ਮੰਤਰੀ ਮੀਨਾਕਸ਼ੀ ਲੇਖੀ ਨੇ ਰਾਜ ਸਭਾ 'ਚ ਇਕ ਸਵਾਲ ਦੇ ਲਿਖਤੀ ਜਵਾਬ 'ਚ ਦਿੱਤੀ। ਉਨ੍ਹਾਂ ਕਿਹਾ ਕਿ ਦੂਤਘਰ ਅਜਿਹੇ ਲੋਕਾਂ ਲਈ ਸਹੂਲਤਾਂ ਪ੍ਰਦਾਨ ਕਰ ਰਿਹਾ ਹੈ ਜੋ ਉਥੋਂ ਵਾਪਸ ਆਉਣ ਦੇ ਇਛੁੱਕ ਹਨ।
ਪਿਛਲੇ ਪੰਜ ਸਾਲਾਂ 'ਚ ਵਿਦੇਸ਼ਾਂ 'ਚ ਫਸੇ ਕਿੰਨੇ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਨਾਗਰਿਕਾਂ ਨੂੰ ਬਚਾਇਆ ਗਿਆ ਹੈ? ਇਸ ਦੇ ਜਵਾਬ 'ਚ ਲੇਖੀ ਨੇ ਕਿਹਾ ਕਿ ਵੰਦੇ ਭਾਰਤ ਮਿਸ਼ਨ ਗਲੋਬਲ ਕੋਵਿਡ ਮਹਾਮਾਰੀ ਦੌਰਾਨ ਫਸੇ ਭਾਰਤੀ ਨਾਗਰਿਕਾਂ ਨੂੰ ਬਾਹਰ ਕੱਢਣ ਅਤੇ ਯਾਤਰੀਆਂ ਨੂੰ ਭਾਰਤ ਤੇ ਦੁਨੀਆ ਦੇ ਹੋਰ ਹਿੱਸਿਆਂ 'ਚ ਲਿਜਾਣ 'ਚ ਮਦਦ ਕਰਨ ਦੇ ਉਦੇਸ਼ ਨਾਲ ਚਲਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਵੰਦੇ ਭਾਰਤ ਤਹਿਤ ਚਲਾਈਆਂ ਜਾਣ ਵਾਲੀਆਂ ਉਡਾਣਾਂ ਅਤੇ ਵਿਸ਼ੇਸ਼ ਉਡਾਣਾਂ ਦੇ ਪ੍ਰਬੰਧਾਂ ਰਾਹੀਂ ਹੁਣ ਤੱਕ ਲਗਭਗ 2.97 ਕਰੋੜ ਯਾਤਰੀਆਂ ਨੂੰ ਇਹ ਸਹੂਲਤ ਪ੍ਰਦਾਨ ਕੀਤੀ ਜਾ ਚੁੱਕੀ ਹੈ। ਲੇਖੀ ਨੇ ਕਿਹਾ ਕਿ ਆਪਰੇਸ਼ਨ ਦੇਵੀ ਸ਼ਕਤੀ ਦੇ ਤਹਿਤ ਸੱਤ ਉਡਾਣਾਂ ਰਾਹੀਂ ਕੁੱਲ 669 ਲੋਕਾਂ ਨੂੰ ਅਫਗਾਨਿਸਤਾਨ ਤੋਂ ਬਾਹਰ ਕੱਢਿਆ ਗਿਆ ਸੀ।