ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਯਾਤਰੀ ਵਾਹਨ ਦੇ ਡੂੰਘੀ ਖੱਡ 'ਚ ਡਿੱਗਣ ਕਾਰਨ 9 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਸੁਰਨਕੋਟ ਦੇ ਤਰਾਰਵਾਲੀ ਬੁਫਲਿਆਜ਼ ਇਲਾਕੇ 'ਚ ਗੱਡੀ 300 ਫੁੱਟ ਡੂੰਘੀ ਖੱਡ 'ਚ ਡਿੱਗ ਗਈ। ਪੁਲਿਸ ਨੇ ਦੱਸਿਆ,''ਵਾਹਨ ਮੁਰਰ ਪਿੰਡ ਤੋਂ ਆ ਰਹੀ ਸੀ ਅਤੇ ਸੁਰਨਕੋਟ ਵੱਲ ਜਾ ਰਹੀ ਸੀ। ਡਰਾਈਵਰ ਕੰਟਰੋਲ ਗੁਆ ਬੈਠਾ।'' ਪੁਲਸ ਅਤੇ ਫ਼ੌਜ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ ਅਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।
ਪੁਲਿਸ ਨੇ ਕਿਹਾ,"6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰਾਂ ਨੇ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ।" ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਨੇ ਕਿਹਾ,"ਪੁੰਛ ਵਿਚ ਇਕ ਦਰਦਨਾਕ ਸੜਕ ਹਾਦਸੇ 'ਚ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਡੂੰਘੀ ਸੰਵੇਦਨਾ ਹੈ ਅਤੇ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਹੈ।