ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਸਥਾਨਕ ਡੇਹਲੋਂ ਰੋਡ ’ਤੇ ਐਕਟਿਵਾ ਸਵਾਰ ਪਤੀ-ਪਤਨੀ ਨਾਲ ਵਾਪਰੇ ਭਿਆਨਕ ਸੜਕ ਹਾਦਸੇ ਨੇ ਹਰ ਕਿਸੇ ਦੇ ਰੌਂਗਟੇ ਖੜ੍ਹੇ ਕਰ ਦਿੱਤਾ। ਜਾਣਕਾਰੀ ਅਨੁਸਾਰ ਮੇਜਰ ਸਿੰਘ ਅਤੇ ਸਵਰਨ ਕੌਰ ਆਪਣੇ ਪੁੱਤਰ ਗੁਰਭੇਜ ਸਿੰਘ ਨਾਲ 6 ਮਹੀਨੇ ਪਹਿਲਾਂ ਹੀ ਜੈਪੁਰ ਤੋਂ ਲੁਧਿਆਣਾ ਸ਼ਿਫਟ ਹੋਏ ਸੀ। ਆਲਮਗੀਰ ਐਨਕਲੇਵ ’ਚ ਉਨ੍ਹਾਂ ਨੇ ਕੋਠੀ ਲਈ ਸੀ। ਗੁਰਭੇਜ ਦਾ ਆਪਣਾ ਕਾਰੋਬਾਰ ਹੈ। ਮੇਜਰ ਸਿੰਘ ਅਤੇ ਸਵਰਨ ਕੌਰ ਦੋਵੇਂ ਐਕਟਿਵਾ ’ਤੇ ਕਿਸੇ ਕੰਮ ਘਰੋਂ ਨਿਕਲੇ ਸੀ।
ਜਦੋਂ ਉਹ ਗੁਰਦੁਆਰਾ ਸ੍ਰੀ ਆਲਮਗੀਰ ਚੌਂਕ ਵੱਲ ਐਕਟਿਵਾ ਮੋੜ ਰਹੇ ਸੀ ਤਾਂ ਅਚਾਨਕ ਉਸੇ ਰਸਤੇ ਤੋਂ ਆਉਂਦੀ ਆਰਟਿਗਾ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਐਕਟਿਵਾ ਸਮੇਤ ਸੜਕ ਦੇ ਵਿਚਾਲੇ ਡਿੱਗ ਗਏ। ਇਸ ਦੌਰਾਨ ਪਿੱਛੋਂ ਆ ਰਹੀ ਤੇਜ਼ ਰਫ਼ਤਾਰ ਸਵਿੱਫਟ ਕਾਰ ਦੋਹਾਂ ਨੂੰ ਕੁਚਲ ਕੇ ਨਿਕਲ ਗਈ। ਗੰਭੀਰ ਜ਼ਖਮੀ ਹੋਣ ਕਾਰਨ ਦੋਹਾਂ ਦੀ ਮੌਤ ਹੋ ਗਈ। ਏ. ਐੱਸ. ਆਈ. ਬਲਜੀਤ ਸਿੰਘ ਦਾ ਕਹਿਣਾ ਹੈ ਕਿ ਕਾਰ ਚਾਲਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਈ ਹੈ। ਫੁਟੇਜ ਨੂੰ ਪੁਲਿਸ ਨੇ ਕਬਜ਼ੇ ਵਿਚ ਲੈ ਲਿਆ ਹੈ।