by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂੜੇਕੇ ਕਲਾਂ ਵਿੱਖੇ ਪਿੰਡ ਪੱਖੋ ਕਲਾਂ ਵਿਖੇ ਪਤੀ-ਪਤਨੀ ਦੀ ਦੋ ਵੱਖ-ਵੱਖ ਘਟਨਾਵਾਂ ਵਿੱਚ ਇੱਕੋ ਦਿਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਮਿਲੀ ਹੈ। ਜਾਣਕਾਰੀ ਅਨੁਸਾਰ ਪਰਮਜੀਤ ਕੌਰ ਪਤਨੀ ਸਤਪਾਲ ਸਿੰਘ ਵਾਸੀ ਸਮਰਾ ਪੱਤੀ ਕਾਫੀ ਸਮੇਂ ਤੋਂ ਕੈਂਸਰ ਨਾਲ ਪੀੜਤ ਸੀ। ਬੀਤੇ ਦਿਨ ਉਸ ਦੀ ਮੌਤ ਹੋ ਗਈ। ਉਸ ਦਾ ਅੰਤਿਮ ਸੰਸਕਾਰ ਕਰ ਕੇ ਉਸ ਦਾ ਪਤੀ, ਪਿੰਡ ਵਾਸੀ ਅਤੇ ਸਾਕ-ਸਬੰਧੀ ਘਰ ਵਾਪਸ ਆ ਗਏ ਸਨ।
ਬੀਤੀ ਸ਼ਾਮ ਜਦੋਂ ਉਸ ਮ੍ਰਿਤਕ ਜਨਾਨੀ ਦਾ ਪਤੀ ਸਤਪਾਲ ਸਿੰਘ ਆਪਣੇ ਘਰ ਲੱਗੀ ਪਾਣੀ ਵਾਲੀ ਮੋਟਰ ਚਲਾਉਣ ਲੱਗਿਆ ਤਾਂ ਉਸ ਨੂੰ ਕਰੰਟ ਨੇ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ। ਮ੍ਰਿਤਕ ਪਤੀ-ਪਤਨੀ ਆਪਣੇ ਪਿੱਛੇ 15 ਸਾਲ ਦੀ ਧੀ ਛੱਡ ਗਏ, ਜੋ ਕਿ 10ਵੀਂ ਜਮਾਤ ਦੀ ਵਿਦਿਆਰਥਣ ਹੈ। ਮਾਂ-ਪਿਓ ਦੀ ਮੌਤ ਮਗਰੋਂ ਧੀ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।