ਨਿਊਜ਼ ਡੈਸਕ (ਰਿੰਪੀ ਸ਼ਰਮਾ) : ਮੱਧ ਪ੍ਰਦੇਸ਼ ਵਿਚ ਇਨਸਾਨੀਅਤ ਇਕ ਵਾਰ ਮੁੜ ਸ਼ਰਮਸਾਰ ਹੋ ਗਈ। ਐਂਬੂਲੈਂਸ ਨਾ ਮਿਲਣ ’ਤੇ ਆਪਣੀ ਮਾਂ ਦੀ ਲਾਸ਼ ਨੂੰ ਧੀਆਂ ਨੇ ਕੁਝ ਹੋਰ ਔਰਤਾਂ ਦੀ ਮਦਦ ਨਾਲ ਮੰਜੀ ’ਤੇ ਰੱਖ ਕੇ ਪੈਦਲ ਸ਼ਮਸ਼ਾਨਘਾਟ ਪਹੁੰਚਾਇਆ। ਰਾਏਪੁਰ ਦੇ ਇਕ ਕਮਿਊਨਿਟੀ ਸਿਹਤ ਕੇਂਦਰ ਵਿਚ ਇਲਾਜ ਦੌਰਾਨ ਇਕ ਔਰਤ ਦੀ ਮੌਤ ਹੋ ਗਈ ਸੀ।
ਮੌਤ ਪਿੱਛੋਂ ਔਰਤ ਦੀ ਲਾਸ਼ ਨੂੰ ਘਰ ਲਿਜਾਉਣ ਲਈ ਪਰਿਵਾਰ ਦੀਆਂ ਔਰਤਾਂ ਐਂਬੂਲੈਂਸ ਦੀ ਉਡੀਕ ਕਰਨ ਲੱਗੀਆਂ ਪਰ ਉਨ੍ਹਾਂ ਨੂੰ ਉਥੋਂ ਕੋਈ ਐਂਬੂਲੈਂਸ ਨਹੀਂ ਮਿਲੀ। ਇਸ ’ਤੇ ਮ੍ਰਿਤਕ ਦੀ ਧੀਆਂ ਨੇ ਮੰਜੀ ’ਤੇ ਲਾਸ਼ ਨੂੰ ਰੱਖ ਕੇ ਪੈਦਲ ਉਸਨੂੰ ਸ਼ਮਸ਼ਾਨਘਾਟ ਪਹੁੰਚਾਇਆ। ਇਸ ਘਟਨਾ ਦੇ ਸਾਹਮਣੇ ਆਉਣ ਪਿੱਛੋਂ ਇਕ ਵਾਰ ਮੁੜ ਸਿਹਤ ਵਿਭਾਗ ਦੀ ਪੋਲ ਖੁੱਲ੍ਹ ਗਈ।
ਇਹ ਪੂਰਾ ਵਾਕਿਆ ਰੀਵਾ ਜ਼ਿਲ੍ਹੇ ਦੇ ਰਾਏਪੁਰ ਕਰਚੁਲਿਆਨ ਜਨਪਦ ਪੰਚਾਇਤ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਔਰਤ ਦੀ ਲਾਸ਼ ਨੂੰ ਮੰਜੀ ’ਤੇ ਲੈ ਕੇ ਸੜਕ ’ਤੇ ਚੱਲ ਰਹੀਆਂ 4 ਔਰਤਾਂ ਮ੍ਰਿਤਕ ਦੀਆਂ ਧੀਆਂ ਹਨ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇਹ ਤਸਵੀਰ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।