ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਇਕੋ ਚੈਨਲ ਨੂੰ ਗੁਰਬਾਣੀ ਦੇ ਪ੍ਰਸਾਰਣ ਦੇ ਦਿੱਤੇ ਅਧਿਕਾਰਾਂ ’ਤੇ ਇਤਰਾਜ਼ ਜ਼ਾਹਿਰ ਕੀਤਾ। ਚਿੱਠੀ ਵਿਚ ਰੰਧਾਵਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ’ਚ ਰੋਜ਼ਾਨਾ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਕਰਨ ਦੇ ਅਧਿਕਾਰ ਇਕ ਚੈਨਲ ਨੂੰ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਸਮੁੱਚੀ ਸਿੱਖ ਕੌਮ ਮੰਗ ਕਰ ਚੁੱਕੀ ਹੈ ਕਿ ਸਭ ਧਰਮਾਂ ਦੇ ਸਾਂਝੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ’ਚ ਹੋਣ ਵਾਲੇ ਗੁਰਬਾਣੀ ਕੀਰਤਨ ਦਾ ਪ੍ਰਸਾਰਣ ਕਰਨ ਦੇ ਅਧਿਕਾਰ ਇਕ ਚੈਨਲ ਵਿਸ਼ੇਸ਼ ਨੂੰ ਦੇਣ ਦੀ ਬਜਾਏ ਸਭ ਚੈਨਲਾਂ ਨੂੰ ਬਰਾਬਰ ਦੇਣੇ ਚਾਹੀਦੇ ਹਨ।
ਸੁਖਜਿੰਦਰ ਰੰਧਾਵਾ ਨੇ ਚਿੱਠੀ ਵਿਚ ਅੱਗੇ ਲਿਖਿਆ ਕਿ ਹੁਣੇ ਜਿਹੇ ਹੋਈਆਂ ਘਟਨਾਵਾਂ ਕਾਰਨ ਸਮੁੱਚੀ ਸਿੱਖ ਸੰਗਤ ਦੇ ਮਨਾਂ ਨੂੰ ਠੇਸ ਲੱਗੀ ਹੈ। ਪੰਜਾਬ ਪੁਲਿਸ ਨੇ ਇਸ ਚੈਨਲ ਦੇ ਕੁਝ ਅਧਿਕਾਰੀਆਂ ਖ਼ਿਲਾਫ਼ ਹੁਣੇ ਜਿਹੇ ਮੋਹਾਲੀ ਵਿਖੇ ਕੇਸ ਵੀ ਦਰਜ ਕੀਤਾ ਸੀ।