ਨਿਊਜ਼ ਡੈਸਕ : ਭਗਵੰਤ ਮਾਨ ਸਰਕਾਰ ਨੇ ਇਕ ਹੋਰ ਵੱਡਾ ਫ਼ੈਸਲਾ ਲੈਂਦੇ ਹੋਏ ਇਕ ਵਿਧਾਇਕ ਨੂੰ ਇਕ ਪੈਨਸ਼ਨ ਦੇਣ ਦਾ ਐਲਾਨ ਕੀਤਾ ਹੈ, ਭਾਵੇਂ ਉਹ ਕਿੰਨੀਆਂ ਵੀ ਚੋਣਾਂ ਕਿਉਂ ਨਾ ਜਿੱਤਿਆ ਹੋਵੇ, ਉਸ ਨੂੰ ਇਕ ਟਰਮ ਦੀ ਪੈਨਸ਼ਨ ਮਿਲੇਗੀ। ਸ਼ੁੱਕਰਵਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜਾਣਕਾਰੀ ਦਿੱਤੀ। ਮਾਨ ਨੇ ਕਿਹਾ ਕਿ ਜਦੋਂ ਵਿਧਾਇਕ ਸੇਵਾ ਦੇ ਨਾਂ ’ਤੇ ਸਿਆਸਤ ਵਿਚ ਆਉਂਦੇ ਹਨ ਤਾਂ ਫਿਰ ਲੱਖਾਂ ਰੁਪਏ ਦੀ ਪੈਨਸ਼ਨ ਦੇਣਾ ਜਾਇਜ਼ ਨਹੀਂ ਹੈ। ਮਾਨ ਨੇ ਕਿਹਾ ਕਿ ਵਿਧਾਇਕ ਹੀ ਨਹੀਂ ਬਲਕਿ ਉਸ ਦੇ ਪਰਿਵਾਰਾਂ ਨੂੰ ਮਿਲ ਹੀ ਪੈਨਸ਼ਨ ਨੂੰ ਵੀ ਘੋਖੀ ਜਾਵੇਗੀ।
ਇਸ ਦੌਰਾਨ ਮਾਨ ਨੇ ਕਿਹਾ ਕਿ ਸਾਡੇ ਵਿਧਾਇਕ ਹੱਥ ਜੋੜ ਕੇ ਲੋਕਾਂ ਤੋਂ ਵੋਟ ਮੰਗਦੇ ਹਨ। ਕਈ ਰਾਜ ਨਹੀਂ ਸੇਵਾ ਦੀ ਗੱਲ ਕਹਿੰਦੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਹੁਤੇ ਵਿਧਾਇਕਾਂ ਨੂੰ ਹਾਰਨ ਤੋਂ ਬਾਅਦ ਸਾਢੇ 3 ਲੱਖ ਤੋਂ ਸਵਾ 5 ਲੱਖ ਰੁਪਏ ਤੱਕ ਦੀ ਪੈਨਸ਼ਨ ਮਿਲਦੀ ਹੈ। ਕਈ ਅਜਿਹੇ ਆਗੂ ਵੀ ਹਨ, ਜਿਹੜੇ ਸਾਂਸਦ ਤੇ ਵਿਧਾਇਕ ਦੀ ਵੀ ਪੈਨਸ਼ਨ ਲੈ ਰਹੇ ਹਨ। ਹੁਣ ਵਿਧਾਇਕ ਭਾਵੇਂ 2 ਵਾਰ ਜਿੱਤੇ ਜਾਂ 7 ਵਾਰ, ਉਸ ਨੂੰ ਪੈਨਸ਼ਨ ਸਿਰਫ ਇਕ ਹੀ ਵਾਰ ਦੀ ਮਿਲੇਗੀ। ਇਸ ਦੇ ਨਾਲ ਹੀ ਪੈਨਸ਼ਨ ਵਿਚੋਂ ਜਿਹੜਾ ਕਰੋੜਾਂ ਰੁਪਇਆ ਬਚੇਗਾ, ਉਸ ਨੂੰ ਲੋਕਾਂ ਦੀ ਭਲਾਈ ’ਤੇ ਖਰਚ ਕੀਤਾ ਜਾਵੇਗਾ।