ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸਮਾਣਾ ਵਿੱਖੇ ਆਪਣੇ ਘਰੋਂ ਸਭ ਨੂੰ ਮਿਲ ਕੇ ਕੈਨੇਡਾ ਜਾਣ ਲਈ ਨਿਕਲੇ ਮੁੰਡਿਆਂ ਨਾਲ ਦਿੱਲੀ 'ਚ ਜੋ ਤਸ਼ੱਦਦ ਹੋਇਆ, ਉਸ ਨੂੰ ਸੁਣ ਕੇ ਕੋਈ ਵੀ ਯਕੀਨ ਨਹੀਂ ਕਰ ਸਕੇਗਾ ਕਿ ਇੰਝ ਵੀ ਹੋ ਸਕਦਾ ਹੈ। ਅਸਲ 'ਚ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ ਇਨ੍ਹਾਂ 2 ਨੌਜਵਾਨਾਂ ਨੂੰ ਬੰਦੀ ਬਣਾ ਕੁੱਟਮਾਰ ਕੀਤੀ ਗਈ, ਧਮਕੀਆਂ ਦਿੱਤੀਆਂ ਗਈਆਂ ਅਤੇ ਪਰਿਵਾਰਕ ਮੈਂਬਰਾਂ ਤੋਂ 60 ਲੱਖ ਰੁਪਏ ਦੀ ਠੱਗੀ ਮਾਰੀ ਗਈ।
ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਦਮਪ੍ਰੀਤ ਸਿੰਘ ਪੁੱਤਰ ਗੁਰਦੀਪ ਸਿੰਘ ਅਤੇ ਨਵਜੋਤ ਸਿੰਘ ਪੁੱਤਰ ਜਸਪ੍ਰੀਤ ਸਿੰਘ ਨਿਵਾਸੀ ਪਿੰਡ ਢੈਂਠਲ ਵੱਲੋਂ ਉੱਚ ਪੁਲਿਸ ਅਧਿਕਾਰੀਆਂ ਨੂੰ ਕੀਤੀ ਗਈ ਸ਼ਿਕਾਇਤ ਅਨੁਸਾਰ ਪਿਛਲੇ ਸਾਲ ਵਰਕ ਪਰਮਿਟ ’ਤੇ ਕੈਨੇਡਾ ਜਾਣ ਸਬੰਧੀ ਗੱਲਬਾਤ ਹੋਣ ਤੋਂ ਬਾਅਦ ਮੁਲਜ਼ਮ ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਰੌਮੀ ਅਤੇ ਇਕ ਅਣਪਛਾਤੀ ਕੁੜੀ ਉਨ੍ਹਾਂ ਦੇ ਘਰ ਪਹੁੰਚੇ ਅਤੇ ਗੱਲਬਾਤ ਅਨੁਸਾਰ 3-3 ਲੱਖ ਰੁਪਏ ਲੈ ਕੇ ਉਨ੍ਹਾਂ ਨੂੰ ਆਪਣੇ ਨਾਲ ਲੈ ਗਏ। ਹੋਟਲ ਤੋਂ ਏਅਰਪੋਰਟ ਲਈ ਨਿਕਲੇ, ਉਸ ਵੇਲੇ ਉਨ੍ਹਾਂ ਦੇ ਨਾਲ 4 ਕੁੜੀਆਂ ਅਤੇ ਇਕ ਮੁੰਡਾ ਵੀ ਸੀ। ਪਾਸਪੋਰਟ ਤੇ ਟਿਕਟ ਸਬੰਧੀ ਪੁੱਛਣ ’ਤੇ ਉਨ੍ਹਾਂ ਨੇ ਏਅਰਪੋਰਟ ਜਾ ਕੇ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਆਪਸ ’ਚ ਗੱਲਬਾਤ ਕਰਦਿਆਂ ਉਨ੍ਹਾਂ ’ਤੇ ਸਪ੍ਰੇਅ ਕਰ ਕੇ ਬੇਹੋਸ਼ ਕਰ ਦਿੱਤਾ ਅਤੇ ਉਨ੍ਹਾਂ ਨੂੰ ਕੁੱਝ ਪਤਾ ਨਹੀਂ ਲੱਗਿਆ।
ਹੋਸ਼ ’ਚ ਆਉਣ ’ਤੇ ਉਨ੍ਹਾਂ ਆਪਣੇ ਆਪ ਨੂੰ ਰਿਵਾਲਵਰ, ਪਿਸਤੌਲ ਤੇ ਕਿਰਪਾਨਾਂ ਨਾਲ ਲੈਸ 7-8 ਵਿਅਕਤੀਆਂ ਨਾਲ ਘੇਰੇ ’ਚ ਇਕ ਹਨ੍ਹੇਰੇ ਕਮਰੇ ’ਚ ਰੱਸੀਆਂ ਨਾਲ ਬੰਨ੍ਹਿਆ ਪਾਇਆ। ਉਨ੍ਹਾਂ ਦੇ ਸਾਥੀ ਪਾਲੀ ਨੂੰ 27-27 ਲੱਖ ਰੁਪਏ ਵੀ ਦੇਣ। ਨੌਜਵਾਨਾਂ ਦੇ ਮਨਾ ਕਰਨ ’ਤੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਗਈ। ਦੋਹਾਂ ਨੂੰ ਪੁੱਠਾ ਟੰਗ ਕੇ ਕਰੰਟ ਲਗਾਇਆ ਗਿਆ। ਡਰਾਉਣ-ਧਮਕਾਉਣ ’ਤੇ ਉਨ੍ਹਾਂ ਨੂੰ ਪਰਿਵਾਰਕ ਮੈਂਬਰਾਂ ਨੂੰ ਵੀਡੀਓ ਕਾਲ ਰਾਹੀਂ ਕੈਨੇਡਾ ਪਹੁੰਚ ਜਾਣ ਲਈ ਦੱਸਣ ਲਈ ਮਜਬੂਰ ਹੋਣਾ ਪਿਆ।
ਪੈਸੇ ਮਿਲਣ ਉਪਰੰਤ ਦੋਸ਼ੀਆਂ ਨੇ ਆਪਣੇ ਕਬਜ਼ੇ ’ਚ ਰੱਖੇ ਗਏ ਦੋਵਾਂ ਨੌਜਵਾਨਾਂ ਨੂੰ ਬੇਹੋਸ਼ ਕਰ ਦਿੱਤਾ ਗਿਆ। ਹੋਸ਼ ਆਉਣ ’ਤੇ ਉਨ੍ਹਾਂ ਨੇ ਆਪਣੇ ਆਪ ਨੂੰ ਦਿੱਲੀ ਤੋਂ ਕਰੀਬ 50 ਕਿਲੋਮੀਟਰ ਦੂਰ ਕਿਸੇ ਘਰ ’ਚ ਪਾਇਆ। ਪੁਲਿਸ ਵੱਲੋਂ ਸਾਰੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।