ਨਿਊਜ਼ ਡੈਸਕ (ਰਿੰਪੀ ਸ਼ਰਮਾ) : ਜਲੰਧਰ 'ਚ ਜੈਮਲ ਨਗਰ ਵਿਚ ਰਹਿੰਦੇ ਪ੍ਰਾਪਰਟੀ ਡੀਲਰ ਨੇ ਘਰੇਲੂ ਝਗੜੇ ਕਾਰਨ ਖ਼ੁਦ ਨੂੰ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਸਿਰ ’ਚ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਨੇ ਮ੍ਰਿਤਕ ਪ੍ਰਾਪਰਟੀ ਡੀਲਰ ਦੇ ਗੁਆਂਢੀਆਂ ਨੂੰ ਨਾਮਜ਼ਦ ਕਰ ਲਿਆ ਹੈ।
ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਵਿਜੇ ਕੁਮਾਰ ਪੁੱਤਰ ਸਤਪਾਲ ਵਰਮਾ ਵਜੋਂ ਹੋਈ ਹੈ, ਜਿਹੜਾ ਪ੍ਰਾਪਰਟੀ ਡੀਲਰ ਸੀ। ਕੁਝ ਸਾਲ ਪਹਿਲਾਂ ਉਸ ਨੇ ਲਾਇਸੈਂਸੀ ਰਿਵਾਲਵਰ ਲਈ ਸੀ। ਚੋਣਾਂ ਕਾਰਨ ਲਾਇਸੈਂਸੀ ਰਿਵਾਲਵਰ ਉਸ ਨੇ ਥਾਣਾ ਰਾਮਾ ਮੰਡੀ ਵਿਚ ਜਮ੍ਹਾ ਕਰਵਾਈ ਸੀ। ਪਹਿਲੀ ਮੰਜ਼ਿਲ ’ਤੇ ਆਪਣੇ ਕਮਰੇ ਵਿਚ ਸੀ, ਉਸ ਨੇ ਆਪਣਾ ਰਿਵਾਲਵਰ ਕਨਪਟੀ ’ਤੇ ਲਾ ਕੇ ਫਾਇਰ ਕਰ ਦਿੱਤਾ। ਗੋਲ਼ੀ ਉਸ ਦੇ ਸਿਰ ਵਿਚ ਫਸ ਗਈ। ਅਚਾਨਕ ਗੋਲ਼ੀ ਦੀ ਆਵਾਜ਼ ਸੁਣ ਕੇ ਜਦੋਂ ਪਰਿਵਾਰਕ ਮੈਂਬਰ ਇਕੱਠੇ ਹੋਏ ਤਾਂ ਉਸ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਦੋਂ ਜਾਂਚ ਸ਼ੁਰੂ ਕੀਤੀ ਤਾਂ ਬਰਾਮਦ ਕੀਤੇ ਖ਼ੁਦਕੁਸ਼ੀ ਨੋਟ ਵਿਚ ਗੁਆਂਢ ਵਿਚ ਰਹਿੰਦੇ 2 ਵਿਅਕਤੀਆਂ ਨੂੰ ਉਸ ਨੇ ਆਪਣੀ ਮੌਤ ਲਈ ਜ਼ਿੰਮੇਵਾਰ ਦੱਸਿਆ ਸੀ ਕਿਉਂਕਿ ਉਨ੍ਹਾਂ ਦੀ ਧੀ ਕਾਰਨ ਹੋਏ ਘਰੇਲੂ ਝਗੜੇ ਕਰਕੇ ਉਸ ਨੇ ਆਪਣੀ ਜ਼ਿੰਦਗੀ ਖ਼ਤਮ ਕੀਤੀ ਹੈ। ਪੁਲਿਸ ਨੇ ਮ੍ਰਿਤਕ ਵਿਜੇ ਵਰਮਾ ਦੀ ਪਤਨੀ ਪ੍ਰੀਤੀ ਵਰਮਾ ਦੇ ਬਿਆਨਾਂ ’ਤੇ ਦੋਵਾਂ ਗੁਆਂਢੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।