ਨਿਊਜ਼ ਡੈਸਕ (ਰਿੰਪੀ ਸ਼ਰਮਾ) : 2 ਸਾਲ ਪਹਿਲਾਂ ਹੋਏ ਪ੍ਰੇਮ ਵਿਆਹ ਦਾ ਦਰਦਨਾਕ ਅੰਤ ਜਿਸ ਤਰ੍ਹਾਂ ਹੋਇਆ, ਉਸ ਨੂੰ ਜਾਣ ਹਰ ਕਿਸੇ ਦਾ ਦਿਲ ਪਸੀਜ ਜਾਵੇਗਾ। ਆਪਣੇ ਪਿਆਰ ਨੂੰ ਪਾਉਣ ਖ਼ਾਤਰ ਕੁੜੀ ਨੇ ਘਰਦਿਆਂ ਖ਼ਿਲਾਫ਼ ਜਾ ਕੇ ਉਸ ਨਾਲ ਵਿਆਹ ਕਰਵਾ ਲਿਆ ਪਰ ਉਸ ਨੂੰ ਕੀ ਪਤਾ ਸੀ ਕਿ ਉਸ ਦੇ ਪ੍ਰੇਮ ਵਿਆਹ ਦਾ ਅਜਿਹਾ ਅੰਤ ਹੋਵੇਗਾ। ਪ੍ਰੇਮੀ ਬਣਿਆ ਪਤੀ ਨਸ਼ੇੜੀ ਨਿਕਲਿਆ, ਜਿਸ ਕਾਰਨ ਕੁੜੀ ਨੇ ਖ਼ੁਦਕੁਸ਼ੀ ਕਰ ਲਈ।
ਜਾਣਕਾਰੀ ਅਨੁਸਾਰ ਆਤਮਾ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਉੱਚਾ ਧੋੜਾ ਥਾਣਾ ਸਿਟੀ ਕਪੂਰਥਲਾ ਦੀ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ ਸੀ ਕਿ ਉਸ ਦੀ ਧੀ ਅਮਿਤਪ੍ਰੀਤ ਕੌਰ ਦੀ ਉਮਰ 19 ਸਾਲ ਦੀ ਸੀ। ਉਸ ਨੇ ਕਰੀਬ 2 ਸਾਲ ਪਹਿਲਾਂ ਖ਼ੁਦ ਹੀ ਗੁਰਵਿੰਦਰ ਸਿੰਘ ਉਰਫ਼ ਮਿੰਟੂ ਪੁੱਤਰ ਦਲਬੀਰ ਸਿੰਘ ਵਾਸੀ ਬਾਬਾ ਨਾਮਦੇਵ ਕਾਲੋਨੀ ਕਪੂਰਥਲਾ ਨਾਲ ਵਿਆਹ ਕਰ ਲਿਆ ਸੀ। ਵਿਆਹ ਦੇ 6 ਮਹੀਨੇ ਬਾਅਦ ਹੀ ਉਸ ਨੇ ਆਪਣੀ ਧੀ ਅਮਿਤਪ੍ਰੀਤ ਕੌਰ ਨਾਲ ਮਿਲਣਾ ਸ਼ੁਰੂ ਕਰ ਦਿੱਤਾ ਸੀ। ਜਦੋਂ ਵੀ ਉਸ ਦੀ ਧੀ ਮਿਲਣ ਲਈ ਆਉਂਦੀ ਸੀ ਤੇ ਉਹ ਦੱਸਦੀ ਸੀ ਕਿ ਉਸ ਦਾ ਪਤੀ ਗੁਰਵਿੰਦਰ ਸਿੰਘ ਉਸ ਨੂੰ ਬਹੁਤ ਤੰਗ-ਪਰੇਸ਼ਾਨ ਕਰਦਾ ਹੈ ਤੇ ਉਸ ਨੂੰ ਖ਼ਰਚਾ ਵੀ ਨਹੀ ਦਿੰਦਾ ਹੈ, ਜਿਸ ’ਤੇ ਉਹ ਆਪਣੀ ਧੀ ਨੂੰ ਸਮਝਾ-ਬੁਝਾ ਕੇ ਭੇਜ ਦਿੰਦਾ ਸੀ।
ਉਸ ਦਾ ਪਤੀ ਨਸ਼ੇ ਕਰਨ ਦਾ ਆਦੀ ਸੀ। ਪਿਤਾ ਨੇ ਆਪਣੇ ਜਵਾਈ ਗੁਰਵਿੰਦਰ ਸਿੰਘ ਨੂੰ ਵੀ ਕਈ ਵਾਰ ਉਸ ਦੀ ਧੀ ਨੂੰ ਤੰਗ ਨਾ ਕਰਨ ਨੂੰ ਲੈ ਕੇ ਸਮਝਾਇਆ ਸੀ ਪਰ ਇਸ ਦੇ ਬਾਵਜੂਦ ਵੀ ਗੁਰਵਿੰਦਰ ਸਿੰਘ ਲਗਾਤਾਰ ਉਸ ਦੀ ਧੀ ਨੂੰ ਤੰਗ-ਪਰੇਸ਼ਾਨ ਕਰਦਾ ਸੀ, ਜਿਸ ਤੋਂ ਦੁਖੀ ਹੋ ਕੇ ਉਸ ਦੀ ਧੀ ਨੇ ਪੱਖੇ ਨਾਲ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।