ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸੂਬੇ ਦੇ ਨਵੇਂ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸੁਝਾਅ ਦਿੱਤਾ ਹੈ ਕਿ ਜੇਲ੍ਹਾਂ ਵਿਚ ਸੁਧਾਰ ਕਰਨ ਲਈ ਸਭ ਤੋਂ ਪਹਿਲਾਂ ਜੇਲ੍ਹਾਂ ਵਿਚ ਸਿਆਸੀ ਦਖ਼ਲਅੰਦਾਜ਼ੀ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਣਾ ਚਾਹੀਦਾ ਹੈ। ਰੰਧਾਵਾ ਨੇ ਦੱਸਿਆ ਕਿ ਨਵੇਂ ਜੇਲ੍ਹ ਮੰਤਰੀ ਨੇ ਉਨ੍ਹਾਂ ਨੂੰ ਪੁੱਛਿਆ ਸੀ ਕਿ ਤੁਹਾਡੇ ਕੋਲ ਜੇਲ੍ਹ ਵਿਭਾਗ ਰਿਹਾ ਹੈ ਤਾਂ ਕਿਸ ਤਰ੍ਹਾਂ ਇਸ ਵਿਚ ਹੋਰ ਸੁਧਾਰ ਲਿਆਂਦੇ ਜਾਣੇ ਚਾਹੀਦੇ ਹਨ।
ਰੰਧਾਵਾ ਨੇ ਕਿਹਾ ਕਿ ਜਿੱਥੋਂ ਤਕ ਗੈਂਗਸਟਰਾਂ ਦਾ ਸਬੰਧ ਹੈ, ਉਨ੍ਹਾਂ ਨੂੰ ਉਹ ਗੈਂਗਸਟਰ ਕਹਿਣ ਦੀ ਬਜਾਏ ਗੁੰਡੇ ਕਹਿਣਾ ਜ਼ਿਆਦਾ ਪਸੰਦ ਕਰਨਗੇ। ਜੇਲ੍ਹਾਂ ਵਿਚ ਉਨ੍ਹਾਂ ਗੁੰਡਿਆਂ ਨੂੰ ਮਿਲਣ ਵਾਲੇ ਮੋਬਾਇਲ ਫੋਨਾਂ ’ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ। ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ਦੀ ਨਿਆਇਕ ਮਿਆਦ ਅਦਾਲਤ ਵੱਲੋਂ ਵਧਾਏ ਜਾਣ ’ਤੇ ਰੰਧਾਵਾ ਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਕਾਂਗਰਸ ਸਰਕਾਰ ਨੇ ਮਜੀਠੀਆ ਖ਼ਿਲਾਫ਼ ਡਰੱਗ ਮਾਮਲੇ ਨੂੰ ਲੈ ਕੇ ਸਖ਼ਤ ਕੇਸ ਦਰਜ ਕੀਤਾ ਸੀ। ਹੁਣ ਸਾਰੀਆਂ ਗੱਲਾਂ ਸਾਹਮਣੇ ਆ ਗਈਆਂ ਹਨ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੀ ਬਿਨਾਂ ਕਾਰਨ ਬਿਆਨਬਾਜ਼ੀ ਕਰਕੇ ਪੰਜਾਬ ਵਿਚ ਕਾਂਗਰਸ ਨੂੰ ਭਾਰੀ ਨੁਕਸਾਨ ਸਹਿਣਾ ਪਿਆ।