ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੁਸ਼ੀਨਗਰ ਦੇ ਕਸਯਾ ਖੇਤਰ 'ਚ ਜ਼ਹਿਰੀਲੀ ਟੌਫੀ ਖਾਣ ਨਾਲ ਇਕ ਹੀ ਪਰਿਵਾਰ ਦੇ 3 ਮਾਸੂਮਾਂ ਸਮੇਤ 4 ਬੱਚਿਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਦੇ ਹਵਾਲੇ ਤੋਂ ਦੱਸਿਆ ਕਿ ਕਯਾ ਥਾਣਾ ਖੇਤਰ ਦੇ ਕੁੜਵਾ ਉਰਫ ਦਿਲੀਪਨਗਰ ਦੇ ਲਠਉਰ ਟੋਲਾ ਦੇ ਮੁਖੀਆ ਦੇਵੀ ਸਵੇਰੇ ਘਰ ਦੇ ਦਰਵਾਜ਼ੇ 'ਤੇ ਝਾੜੂ ਲਗਾ ਰਹੀ ਸੀ। ਇਸ ਦੌਰਾਨ ਉਸ ਨੂੰ ਇਕ ਲਿਫ਼ਾਫ਼ੇ 'ਚ 5 ਟੌਫੀਆਂ ਅਤੇ 9 ਰੁਪਏ ਮਿਲੇ। ਉਨ੍ਹਾਂ ਨੇ ਉਸ 'ਚੋਂ ਤਿੰਨ ਟੌਫੀਆਂ ਆਪਣੇ ਘਰ ਦੇ ਬੱਚਿਆਂ ਨੂੰ ਅਤੇ ਇਕ ਟੌਫੀ ਗੁਆਂਢੀ ਦੇ ਬੱਚੇ ਨੂੰ ਦੇ ਦਿੱਤੀ। ਚਾਰੇ ਬੱਚੇ ਟੌਫੀ ਖਾਣ ਤੋਂ ਬਾਅਦ ਖੇਡਣ ਲਈ ਕੁਝ ਦੂਰ ਹੀ ਅੱਗੇ ਵਧੇ ਕਿ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਏ।
ਉਨ੍ਹਾਂ ਦੱਸਿਆ,''ਬੱਚਿਆਂ ਨੂੰ ਪਿੰਡ ਵਾਸੀਆਂ ਨੇ ਜ਼ਿਲ੍ਹਾ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾਂ ਨੇ ਚਾਰੇ ਬੱਚਿਆਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਮ੍ਰਿਤਕ ਬੱਚਿਆਂ 'ਚ ਤਿੰਨ ਸਕੇ ਭਰਾ-ਭੈਣਾਂ ਮੰਜਨਾ , ਸਵੀਟੀ ਅਤੇ 2 ਸਾਲਾ ਸਮਰ ਸ਼ਾਮਲ ਹਨ। ਗੁਆਂਢ 'ਚ ਰਹਿਣ ਵਾਲੇ ਬਲੇਸਰ ਦੇ 5 ਸਾਲਾ ਇਕਲੌਤੇ ਬੱਚੇ ਅਰੁਣ ਦੀ ਵੀ ਟੌਫੀ ਖਾਣ ਨਾਲ ਮੌਤ ਹੋ ਗਈ।ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।