ਨਿਊਜ਼ ਡੈਸਕ (ਰਿੰਪੀ ਸ਼ਰਮਾ) : ਇਨਕਮ ਟੈਕਸ ਵਿਭਾਗ ਵਲੋਂ ਹੀਰੋ ਮੋਟੋਕਾਰਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਪਵਨ ਮੁੰਜਾਲ ਦੇ ਘਰ ਅਤੇ ਦਫਤਰ 'ਤੇ ਛਾਪੇਮਾਰੀ ਜਾ ਰਹੀ ਹੈ। ਸਵੇਰ ਤੋਂ ਹੀ ਉਨ੍ਹਾਂ ਦੀ ਗੁਰੂਗ੍ਰਾਮ ਸਥਿਤ ਰਿਹਾਇਸ਼ ਅਤੇ ਦਫ਼ਤਰ ਦੀ ਤਲਾਸ਼ੀ ਲਈ ਜਾ ਰਹੀ ਹੈ। ਇਨਕਮ ਟੈਕਸ ਦੇ ਅਧਿਕਾਰੀ ਕੰਪਨੀ ਦੇ ਹੋਰ ਉੱਚ ਅਧਿਕਾਰੀਆਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕਰ ਰਹੇ ਹਨ।
ਦੱਸ ਦਈਏ ਕਿ ਹੀਰੋ ਮੋਟੋਕਾਰਪ ਦੁਨੀਆ ਦੇ 40 ਤੋਂ ਵੱਧ ਦੇਸ਼ਾਂ ਵਿੱਚ ਕਾਰੋਬਾਰ ਕਰਦੀ ਹੈ। ਛਾਪੇਮਾਰੀ ਦੀ ਖਬਰ ਤੋਂ ਬਾਅਦ ਹੀਰੋ ਮੋਟੋਕਾਰਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ। ਕੰਪਨੀ ਦਾ ਸਟਾਕ ਦੋ ਫੀਸਦੀ ਡਿੱਗ ਕੇ 2,380 ਰੁਪਏ ਤੋਂ ਹੇਠਾਂ ਆ ਗਿਆ। ਮਾਰੂਤੀ, ਬਜਾਜ ਆਟੋ ਅਤੇ ਟੀਵੀਐਸ ਮੋਟਰ ਦੇ ਸ਼ੇਅਰ ਵੀ 1.5 ਫੀਸਦੀ ਤੱਕ ਡਿੱਗ ਗਏ।
ਇਨਕਮ ਟੈਕਸ ਵਿਭਾਗ ਦੇ ਸੂਤਰਾਂ ਨੇ ਦੱਸਿਆ, "ਹੀਰੋ ਮੋਟੋਕਾਰਪ ਦੇ ਚੇਅਰਮੈਨ ਪਵਨ ਮੁੰਜਾਲ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਹੀਰੋ ਮੋਟੋਕਾਰਪ ਅਤੇ ਇਸ ਦੇ ਸੀਨੀਅਰ ਅਧਿਕਾਰੀਆਂ ਦੇ ਟਿਕਾਣਿਆਂ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਟੈਕਸ ਚੋਰੀ ਦੇ ਸ਼ੱਕ ਦੇ ਆਧਾਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।