ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੇਂਦਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਅੰਦੋਲਨ ਤੋਂ ਬਾਅਦ ਕਿਸਾਨਾਂ ਦੇ ਇਕ ਸਮੂਹ ਨੇ ਇਕ ਹੋਰ ਵੱਡਾ ਫ਼ੈਸਲਾ ਲਿਆ ਹੈ। ਖੇਤੀ ਉਪਜ ਲਈ ਘੱਟ ਤੋਂ ਘੱਟ ਸਮਰਥਨ ਮੁੱਲ MSP ਦੀ ਗਰੰਟੀ ਲਈ ਕਾਨੂੰਨ ਬਣਾਉਣ ਦੀ ਮੰਗ ’ਤੇ ਜ਼ੋਰ ਦੇਣ ਲਈ ਇਕ ਨਵਾਂ ਮੋਰਚਾ ਬਣਾਇਆ ਹੈ। ਕਿਸਾਨਾਂ ਦੀ ਬੈਠਕ ਮਗਰੋਂ ਸ਼ੈੱਟੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਐੱਮ. ਐੱਸ. ਪੀ. ਗਰੰਟੀ ਕਿਸਾਨ ਮੋਰਚਾ ਦੇ ਬੈਨਰ ਹੇਠ ਅੰਦੋਲਨ ਸ਼ੁਰੂ ਕਰਾਂਗੇ। ਅਗਲੇ 6 ਮਹੀਨਿਆਂ ’ਚ ਅਸੀਂ ਐੱਮ. ਐੱਸ. ਪੀ. ਬਾਰੇ ਜਾਗਰੂਕਤਾ ਫੈਲਾਉਣ ਲਈ ਹਰ ਸੂਬੇ ਦੇ ਹਰੇਕ ਜ਼ਿਲ੍ਹੇ ਦਾ ਦੌਰਾ ਕਰਾਂਗੇ।
ਕਿਸਾਨ ਆਗੂਆਂ ਨੇ ਖੇਤੀ ਉਪਜ ਲਈ ਘੱਟ ਤੋਂ ਘੱਟ ਸਮਰਥਨ ਮੁੱਲ ਨੂੰ ਲੈ ਕੇ ਸੰਵਿਧਾਨਕ ਗਰੰਟੀ ਦੀ ਮੰਗ ਕਰਦੇ ਹੋਏ ਹਰੇਕ ਗ੍ਰਾਮ ਸਭਾ ਵਲੋਂ ਇਕ ਪ੍ਰਸਤਾਵ ਨੂੰ ਅਪਣਾਉਣ ਦੇ ਮੁੱਦੇ ’ਤੇ ਜ਼ੋਰ ਦੇਣ ਦਾ ਫ਼ੈਸਲਾ ਕੀਤਾ। ਸ਼ੈੱਟੀ ਨੇ ਕਿਹਾ ਕਿ ਗ੍ਰਾਮ ਸਭਾ ਤੋਂ ਇਨ੍ਹਾਂ ਪ੍ਰਸਤਾਵਾਂ ਨੂੰ ਭਾਰਤ ਦੇ ਰਾਸ਼ਟਰਪਤੀ ਕੋਲ ਭੇਜਣ ਦੀ ਅਪੀਲ ਕੀਤੀ ਜਾਵੇਗੀ। ਸ਼ੈੱਟੀ ਨੇ ਕਿਹਾ ਕਿ ਸਾਰੇ ਗੰਨਾ ਕਿਸਾਨਾਂ ਨੂੰ ਭੁਗਤਾਨ ਲਈ ਕੇਂਦਰ ਵਲੋਂ ਤੈਅ ਉੱਚਿਤ ਮਿਹਨਤਾਨਾ ਮੁੱਲ ਦੀ ਤਰਜ਼ ’ਤੇ ਹੀ ਫ਼ਸਲਾਂ ਲਈ ਐੱਮ. ਐੱਸ. ਪੀ. ਮਿਲਣੀ ਚਾਹੀਦੀ ਹੈ।