ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪੰਜਾਬ ਵਿਚ ਸਰਕਾਰ ਦੀ ਆਮਦਨੀ ਦੇ ਵੱਡੇ ਸਰੋਤ ਲਈ ਸ਼ਰਾਬ ਦੀ ਵਿਕਰੀ ਨੂੰ ਅਹਿਮ ਮੰਨਿਆ ਜਾਂਦਾ ਹੈ। ਹੁਣ ਜਦੋਂ ਠੇਕੇਦਾਰਾਂ ਦੀ ਮਿਆਦ 31 ਮਾਰਚ ਨੂੰ ਖ਼ਤਮ ਹੋਣ ਵਾਲੀ ਸੀ ਤਾਂ ਇਸ ਤੋਂ ਪਹਿਲਾ ਅਹਿਮ ਐਲਾਨ ਕਰਦਿਆਂ ਸੂਬਾ ਸਰਕਾਰ ਨੇ ਚਾਲੂ ਠੇਕੇਦਾਰਾਂ ਨੂੰ 30 ਜੂਨ ਤੱਕ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ।
ਪੰਜਾਬ ਸਰਕਾਰ ਵੱਲੋਂ ਸ਼ਰਾਬ ਤੋਂ ਜ਼ਿਆਦਾ ਮਾਲੀਆਂ ਇਕੱਠਾ ਕਰਨ ਦੇ ਮਨੋਰਥ ਨਾਲ ਨਵੀਂ ਐਕਸਾਈਜ਼ ਪਾਲਿਸੀ ਬਣਾਉਣ ਦੀ ਵਿਉਂਤਬੰਧੀ ਕੀਤੀ ਜਾ ਰਹੀ ਹੈ ਪਰ ਇਸ ਪਾਲਿਸੀ ਨੂੰ ਹਾਲੇ ਕੁੱਝ ਸਮਾਂ ਹੋਰ ਲੱਗ ਸਕਦਾ ਹੈ ਅਤੇ ਇਸੇ ਕਰ ਕੇ ਹੀ ਸਰਕਾਰ ਨੇ ਪੰਜਾਬ 7,693 ਠੇਕਿਆਂ ਦੇ ਠੇਕੇਦਾਰਾਂ ਨੂੰ ਤਿੰਨ ਮਹੀਨੇ ਦਾ ਹੋਰ ਸਮਾਂ ਦੇ ਦਿੱਤਾ ਹੈ। ਐਕਸਾਈਜ਼ ਵਿਭਾਗ ਦੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਤਿੰਨ ਮਹੀਨਿਆਂ ਲਈ ਠੇਕੇਦਾਰਾਂ ਨੂੰ ਸ਼ਰਾਬ ਵੇਚਣ ਲਈ ਵੱਖਰੇ ਕੋਟੇ ਦੀ ਅਲਾਟਮੈਂਟ ਕੀਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫ਼ੀਸ ਵਿਚ ਵੀ ਵਾਧਾ ਕੀਤਾ ਜਾ ਰਿਹਾ ਹੈ।
ਇਸ ਤਰ੍ਹਾਂ ਦੀ ਬਣੀ ਸਥਿਤੀ ਕਰ ਕੇ ਇਸ ਵਾਰ ਪੰਜਾਬ ਵਿਚ 31 ਮਾਰਚ ਨੂੰ ਸ਼ਰਾਬ ਦੇ ਰੇਟ ਨਹੀਂ ਘੱਟਣਗੇ ਕਿਉਂਕਿ ਪਿਛਲੇ ਸਾਲਾਂ ਵਿਚ ਜਦੋਂ ਠੇਕਿਆਂ ਦੀ ਨਵੀਂ ਅਲਾਟਮੈਂਟ 1 ਅਪ੍ਰੈਲ ਤੋਂ ਸ਼ੁਰੂ ਹੁੰਦੀ ਹੈ ਤਾਂ ਇਸ ਤੋਂ ਪਹਿਲਾਂ ਠੇਕੇਦਾਰਾਂ ਵੱਲੋਂ ਪੁਰਾਣਾ ਕੋਟਾ ਖ਼ਤਮ ਕਰਨ ਲਈ ਸ਼ਰਾਬ ਅਤੇ ਬੀਅਰ ’ਤੇ ਵਿਸ਼ੇਸ਼ ਆਫ਼ਰ ਦਿੱਤੇ ਜਾਂਦੇ ਹਨ ਪਰ ਐਤਕੀਂ ਲੋਕਾਂ ਨੂੰ ਸਸਤੀ ਸ਼ਰਾਬ ਨਸੀਬ ਨਹੀਂ ਹੋਵੇਗੀ।