ਨਿਊਜ਼ ਡੈਸਕ (ਰਿੰਪੀ ਸ਼ਰਮਾ): ਮਾਹਿਲਪੁਰ ਦੇ ਇਲਾਕੇ ਵਿਚੋਂ 10ਵੀਂ ਜਮਾਤ ਦੀ ਕੁੜੀ ਨਾਲ ਜਬਰ-ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਥਾਣਾ ਮਾਹਿਲਪੁਰ ਅਧੀਨ ਪੈਂਦੇ ਪਿੰਡ ਦੀ ਇਕ ਨਾਬਾਲਗਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਡੇਢ ਸਾਲ ਪਹਿਲਾਂ ਉਹ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਗਈ ਹੋਈ ਸੀ ਤਾਂ ਉੱਥੇ ਰਿਸ਼ੇਤਦਾਰੀ ਵਿਚ ਲੱਗਦਾ ਕੁਲਦੀਪ ਸਿੰਘ ਪੁੱਤਰ ਜਗਤਾਰ ਸਿੰਘ ਵਾਸੀ ਨਾਗਲਾ ਲੁਧਿਆਣਾ ਨੇ ਉਸ ਨੂੰ ਰਸਤੇ ਵਿਚ ਰੋਕ ਕੇ ਪਿਆਰ ਦਾ ਵਾਸਤਾ ਦਿੱਤਾ ਅਤੇ ਕੁਝ ਖਾ ਕੇ ਮਰ ਜਾਣ ਦੀ ਧਮਕੀ ਦਿੱਤੀ।
ਉਸ ਤੋਂ ਬਾਅਦ ਉਹ ਆਪਣੇ ਪਿੰਡੋਂ ਆ ਕੇ ਉਸ ਦੀ ਤਾਈ ਦੇ ਘਰ ਰਹਿਣ ਲੱਗ ਪਿਆ। ਵਰਗਲਾ ਕੇ ਉਸ ਨੇ ਤਾਈ ਦੇ ਘਰ ਬੁਲਾਇਆ, ਜਿੱਥੇ ਕੋਲਡ ਡਰਿੰਕ ਵਿਚ ਕੁਝ ਪਾ ਕੇ ਉਸ ਨੂੰ ਬੇਹੋਸ਼ ਕਰ ਦਿੱਤਾ ਅਤੇ ਉਸ ਨਾਲ ਜਬਰ-ਜ਼ਨਾਹ ਕੀਤਾ।
ਪੀੜਤਾ ਨੇ ਦੱਸਿਆ ਕਿ ਉਕਤ ਨੌਜਵਾਨ ਨੇ ਪਿਆਰ ਦੇ ਜਾਲ ਵਿਚ ਫਸਾ ਕੇ ਉਸ ਦੀਆਂ ਅਸ਼ਲੀਲ ਤਸਵੀਰਾਂ ਵੀ ਖਿੱਚ ਲਈਆਂ ਅਤੇ ਅਸ਼ਲੀਲ ਤਸਵੀਰਾਂ ਦਾ ਸਹਾਰਾ ਲੈ ਕੇ ਉਸ ਬਲੈਕਮੇਲ ਕਰਕੇ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਤੰਗ ਆ ਕੇ ਉਸ ਨੇ ਸਾਰੀ ਗੱਲ ਆਪਣੇ ਘਰ ਦੱਸੀ।
ਡੀ. ਐੱਸ. ਪੀ. ਗੜ੍ਹਸ਼ੰਕਰ ਨਰਿੰਦਰ ਸਿੰਘ ਔਜਲਾ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਮੁਕੱਦਮਾ ਦਰਜ ਕਰ ਦਿੱਤਾ ਹੈ ਅਤੇ ਦੋਸ਼ੀ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।