by jaskamal
ਨਿਊਜ਼ ਡੈਸਕ (ਰਿੰਪੀ ਸ਼ਰਮਾ) : ਹੋਲੀ ਦੇ ਪਵਿੱਤਰ ਤਿਉਹਾਰ ਦੌਰਾਨ ਬਠਿੰਡਾ ਦੇ ਨਜ਼ਦੀਕੀ ਪਿੰਡ ਜੱਸੀ ਪੌ ਵਾਲੀ ਵਿਖੇ ਬੱਚੇ ਹੋਲੀ ਖੇਡ ਰਹੇ ਸਨ। ਦੇਖਦੇ ਹੀ ਦੇਖਦੇ ਕਈ ਬੱਚਿਆਂ ਦੀ ਹਾਲਤ ਵਿਗੜ ਗਈ ਅਤੇ ਉਨ੍ਹਾਂ ਨੂੰ ਉਲਟੀਆਂ ਲੱਗ ਗਈਆਂ। ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਬੱਚਿਆਂ ਨੂੰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ।
ਗੁਰਦੀਪ ਸਿੰਘ ਨੇ ਦੱਸਿਆ ਕਿ ਉਹ ਹੋਲੀ ਖੇਡ ਰਹੇ ਸਨ ਤਾਂ ਉਨ੍ਹਾਂ ਨੂੰ ਗ੍ਰੋਥ ਸੈਂਟਰ ਵਿਚੋਂ ਇਕ ਚਿੱਟੇ ਰੰਗ ਦੇ ਪਾਊਡਰ ਨਾਲ ਭਰਿਆ ਲਿਫ਼ਾਫਾ ਮਿਲਿਆ ਸੀ। ਉਨ੍ਹਾਂ ਨੇ ਉਕਤ ਰੰਗ ਇਕ ਦੂਸਰੇ ਦੇ ਲਗਾ ਦਿੱਤਾ, ਜਿਸ ਤੋਂ ਬਾਅਦ ਉਹ ਬੇਹੋਸ਼ ਹੋ ਗਏ ਤੇ ਉਲਟੀਆਂ ਲੱਗ ਗਈਆਂ।
ਉਕਤ ਲਿਫ਼ਾਫੇ ਵਿਚ ਕਣਕ ਅਤੇ ਝੋਨੇ ਵਿਚ ਪਾਉਣ ਵਾਲੀ ਦਵਾਈ ਸੀ ਜੋ ਬੱਚਿਆਂ ਵੱਲੋਂ ਰੰਗ ਦੇ ਭੁਲੇਖੇ ਇਕ ਦੂਸਰੇ ਨੂੰ ਲਗਾ ਦਿੱਤੀ। ਫਿਲਹਾਲ ਉਕਤ ਬੱਚਿਆਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ।