ਨਿਊਜ਼ ਡੈਸਕ (ਰਿੰਪੀ ਸ਼ਰਮਾ) : ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ-ਮਹੱਲੇ ਮੌਕੇ ਮੱਥਾ ਟੇਕ ਕੇ ਵਾਪਸ ਪਰਤ ਰਹੇ 2 ਵਿਅਕਤੀਆਂ ਦੀ ਸਤਲੁਜ ਦਰਿਆ ’ਚ ਨਹਾਉਂਦੇ ਸਮੇਂ ਡੁੱਬਣ ਨਾਲ ਮੌਤ ਹੋ ਗਈ। ਇਸ ਕੁਦਰਤੀ ਹਾਦਸੇ ਦੌਰਾਨ ਜਾਨ ਗੁਆਉਣ ਵਾਲੇ ਦੋਵੇਂ ਵਿਅਕਤੀ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਸੁਲਤਾਨਵਿੰਡ ਨਾਲ ਸਬੰਧਤ ਸਨ। ਬਿਆਨਾਂ ’ਚ ਬਲਵਿੰਦਰ ਸਿੰਘ ਪੁੱਤਰ ਕੁਲਵੰਤ ਸਿੰਘ ਨਿਵਾਸੀ ਪਿੰਡ ਸੁਲਤਾਨ ਵਿੰਡ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ’ਤੇ ਪਿੰਡ ਦੇ ਕੁਲਦੀਪ ਸਿੰਘ ਪੁੱਤਰ ਪਰਮਜੀਤ ਸਿੰਘ ਨਾਲ, ਜਦਕਿ ਇਕ ਹੋਰ ਮੋਟਰਸਾਈਕਲ ’ਤੇ ਸਵਾਰ ਉਸ ਦੇ ਹੀ ਪਿੰਡ ਦਾ ਜਸਵਿੰਦਰ ਸਿੰਘ ਪੁੱਤਰ ਗੁਰਨਾਮ ਅਤੇ ਸੁਖਦੇਵ ਸਿੰਘ ਪੁੱਤਰ ਕੁਲਦੀਪ ਸਿੰਘ ਹੋਲੇ ਮਹੱਲੇ ਮੌਕੇ ਗੁਰਦੁਅਰਾ ਸ੍ਰੀ ਅਨੰਦਪੁਰ ਸਾਹਿਬ ਵਿਖੇ ਮੱਥਾ ਟੇਕ ਕੇ ਘਰ ਵਾਪਸ ਪਰਤ ਰਹੇ ਸਨ।
ਇਸ ਦੌਰਾਨ ਰਸਤੇ ’ਚ ਗਡ਼੍ਹਸ਼ੰਕਰ-ਅਨੰਦਪੁਰ ਸਾਹਿਬ ਮਾਰਗ ’ਤੇ ਪੈਂਦੇ ਪਿੰਡ ਸੈਦਪੁਰ ਦੇ ਪੁਲ ਹੇਠੋਂ ਗੁਜ਼ਰਦੇ ਸਤਲੁਜ ਦਰਿਆ ’ਚ ਨਹਾਉਣ ਲਈ ਰੁਕ ਗਏ।
ਉਸ ਨੇ ਦੱਸਿਆ ਕਿ ਜਦੋਂ ਕੁਲਦੀਪ ਸਿੰਘ ਅਤੇ ਜਸਵਿੰਦਰ ਸਿੰਘ ਦਰਿਆ ’ਚ ਨਹਾ ਰਹੇ ਸਨ ਤਾਂ ਅਚਾਨਕ ਹੀ ਜਸਵਿੰਦਰ ਸਿੰਘ ਦਾ ਪੈਰ ਤਿਲਕਣ ਕਾਰਨ ਉਹ ਡੰੂਘੇ ਪਾਣੀ ’ਚ ਡਿੱਗਣ ਲੱਗਾ, ਜਿਸ ’ਤੇ ਉਸ ਨੂੰ ਬਚਾਉਣ ਲਈ ਕੁਲਦੀਪ ਸਿੰਘ ਦਾ ਵੀ ਅਚਾਨਕ ਹੀ ਪੈਰ ਤਿਲਕ ਗਿਆ ਅਤੇ ਦੋਵੇਂ ਜਣੇ ਸਤਲੁਜ ਦਰਿਆ ’ਚ ਡੁੱਬ ਗਏ, ਜਿਸ ਤੋਂ ਬਾਅਦ ਬਚਾਅ ਲਈ ਜੁਟੇ ਗੋਤਾਖੋਰਾਂ ਵੱਲੋਂ ਦੇਰ ਸ਼ਾਮ ਨੂੰ ਕਈ ਘੰਟਿਆਂ ਦੀ ਮੁਸ਼ੱਕਤ ਉਪਰੰਤ ਦਰਿਆ ’ਚ ਡੁੱਬੇ ਵਿਅਕਤੀਆਂ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ।
ਏ.ਐੱਸ.ਆਈ. ਰਜਿੰਦਰ ਕੁਮਾਰ ਨੇ ਦੱਸਿਆ ਕਿ ਕਾਨੂੰਨੀ ਕਾਰਵਾਈ ਅਮਲ ’ਚ ਲਿਆ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸ੍ਰੀ ਅਨੰਦਪੁਰ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ।