ਨਿਊਜ਼ ਡੈਸਕ : ਪੀਲ ਰੀਜ਼ਨਲ ਪੁਲਿਸ ਨੇ ਫਰਵਰੀ 'ਚ ਮਿਸੀਸਾਗਾ ਵਿਖੇ ਇਕ ਕਥਿਤ ਹਿੱਟ ਐਂਡ ਰਨ ਦੇ ਮਾਮਲੇ 'ਚ ਲੋੜੀਂਦੇ ਇਕ 19 ਸਾਲਾ ਬਰੈਂਪਟਨ ਵਾਸੀ ਪਵਨ ਮਲਿਕ ਨਾਮਕ ਨੌਜਵਾਨ ਲਈ ਕੈਨੇਡਾ-ਵਿਆਪੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਸਬੰਧੀ ਪੁਖਤਾ ਜਾਂਚ ਤੋਂ ਬਾਅਦ ਹੀ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਜਾਂਚਕਰਤਾਵਾਂ ਨੇ ਕਿਹਾ ਕਿ ਮਲਿਕ ਦੁਰਘਟਨਾ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਿਆ ਹੈ। ਇਹ ਘਾਤਕ ਘਟਨਾ 20 ਫਰਵਰੀ ਨੂੰ ਮਿਸੀਸਾਗਾ 'ਚ ਵਾਪਰੀ ਸੀ ਤੇ ਪੁਲਿਸ ਨੇ ਪੀੜਤਾ ਦੀ ਪਛਾਣ ਕਵਿਤਾ ਚੌਧਰੀ (24) ਵਜੋਂ ਕੀਤੀ ਹੈ, ਜੋ ਕਿ ਬਰੈਂਪਟਨ ਦੀ ਰਹਿਣ ਵਾਲੀ ਹੈ।
(ਪੀੜਤ) ਡੇਰੀ ਰੋਡ ਈਸਟ 'ਤੇ ਪੈਦਲ ਜਾ ਰਹੀ ਸੀ ਤੇ ਕੈਟ੍ਰਿਕ ਸਟਰੀਟ 'ਤੇ ਸੜਕ ਪਾਰ ਕਰਨ ਲੱਗੀ, ਜਦੋਂ ਉਸ ਨੂੰ ਇਕ ਗੂੜ੍ਹੇ ਰੰਗ ਦੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਵਿਚ ਉਕਤ ਲੜਕੀ ਦੀ ਮੌਤ ਹੋ ਗਈ। ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਜਾਂਚ ਕਰਦਿਆਂ ਇਕ 2009 ਹੌਂਡਾ ਅਕੌਰਡ ਗੱਡੀ ਨੂੰ ਜ਼ਬਤ ਕਰ ਲਿਆ, ਜੋ ਘਟਨਾ 'ਚ ਸ਼ਾਮਲ ਮੰਨੀ ਜਾ ਰਹੀ ਹੈ। ਹਾਲਾਂਕਿ ਇਸ ਸਬੰਧੀ ਅਦਾਲਤ 'ਚ ਦੋਸ਼ ਸਾਬਤ ਨਹੀਂ ਹੋਏ ਹਨ।ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਉਕਤ ਲੜਕੇ (ਪਵਨ ਮਲਿਕ) ਬਾਰੇ ਜਾਂ ਉਸ ਦੇ ਠਿਕਾਣੇ ਬਾਰੇ ਕੋਈ ਜਾਣਕਾਰੀ ਹੈ ਤਾਂ ਤੁਰੰਤ ਮੇਜਰ ਕੋਲੀਸ਼ਨ ਬਿਊਰੋ ਦੇ ਜਾਂਚਕਰਤਾਵਾਂ ਨਾਲ ਸੰਪਰਕ ਕਰਨ।