ਨਿਊਜ਼ ਡੈਸਕ : ਸਿਆਲ ਜਾਣ ਮਗਰੋਂ ਤੇ ਗਰਮੀ ਦੇ ਆਗਮਨ ਨਾਲ ਸੂਬੇ 'ਚ ਗਰਮੀ ਦੇ ਪੱਧਰ 'ਚ ਅਚਾਨਕ ਹੀ ਵਾਧਾ ਵੇਖਣ ਨੂੰ ਮਿਲਿਆ ਹੈ ਜਿਸਦੇ ਚਲਦੇ ਹੁਣ ਬਿਜਲੀ ਦੀ ਮੰਗ ਨੇ ਵੀ ਜ਼ੋਰ ਫੜ ਲਿਆ ਹੈ, ਜਿਸਨੂੰ ਵੇਖਦੇ ਕਿਹਾ ਜਾ ਰਿਹਾ ਹੈ ਕਿ ਆਉਂਦੇ ਦਿਨਾਂ ਤਕ ਪੰਜਾਬ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਗੱਲ ਕਰੀਏ ਜੀਵੀਕੇ ਥਰਮਲ ਪਲਾਂਟ ਦੀ ਤਾਂ ਉੱਥੇ ਵੀ ਕੋਲਾ ਮੁੱਕਣ ਕਿਨਾਰੇ ਹੈ। ਸੂਤਰਾਂ ਮੁਤਾਬਕ ਉੱਥੇ ਵੀ ਇਕ ਯੂਨਿਟ ਬੰਦ ਕਰ ਦਿੱਤਾ ਗਿਆ ਜਦਕਿ ਦੂਜਾ ਯੂਨਿਟ ਅੱਧੀ ਸਮਰੱਥਾ ਨਾਲ ਚਲਾਇਆ ਜਾ ਰਿਹਾ। ਗਨੀਮਤ ਰਹੀ ਕਿ ਰਾਜਪੁਰਾ ਦੇ ਥਰਮਲ ਪਲਾਂਟ ਪੂਰੀ ਸਮਰੱਥਾ ਨਾਲ ਭੱਖ ਰਹੇ ਹਨ, ਉੱਥੇ ਦੇ ਦੋਵੇਂ ਯੂਨਿਟ ਚੱਲ ਰਹੇ ਹਨ ਪਰ ਮਿਲੀ ਜਾਣਕਾਰੀ ਅਨੁਸਾਰ ਉੱਥੇ ਵੀ ਕੋਲੇ ਦੇ ਸਟਾਕ ਦੀ ਗੱਲ ਕਰੀਏ ਤਾਂ ਮਹਿਜ਼ 9 ਦਿਨ ਦਾ ਕੋਲਾ ਹੀ ਬਾਕੀ ਰਹਿ ਗਿਆ ਹੈ
ਸਰਕਾਰੀ ਖੇਤਰ ਦੇ ਥਰਮਲ ਪਲਾਂਟ ਲਹਿਰਾ ਮੁਹੱਬਤ ਦਾ ਵੀ ਇਕ ਯੂਨਿਟ ਹੀ ਚੱਲ ਰਿਹਾ ਹੈ ਤੇ ਉਨ੍ਹਾਂ ਕੋਲ 19 ਦਿਨਾਂ ਦੇ ਕੋਲੇ ਦਾ ਭੰਡਾਰ ਬਚਿਆ ਰਹਿ ਗਿਆ ਹੈ। ਇਸੇ ਤਰੀਕੇ ਰੋਪੜ ਦੇ ਤਿੰਨ ਯੂਨਿਟ ਚੱਲ ਰਹੇ ਹਨ ਤੇ 24 ਦਿਨ ਦਾ ਕੋਲੇ ਦਾ ਸਟਾਕ ਉਨ੍ਹਾਂ ਕੋਲ ਮੌਜੂਦ ਹੈ। ਸੂਤਰਾਂ ਅਨੁਸਾਰ ਰੇਲਵੇ ਵੱਲੋਂ ਨਿੱਜੀ ਥਰਮਲ ਪਲਾਂਟਾਂ ਨੂੰ ਰੈਕ ਨਹੀਂ ਮਿਲ ਰਹੇ, ਜਿਸ ਕਾਰਨ ਇਨ੍ਹਾਂ ਪਲਾਂਟਾਂ ਨੂੰ ਕੋਲੇ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਵੇਖਣਾ ਇਹ ਹੋਵੇਗਾ ਕਿ ਲੋਕਾਂ ਵੱਲੋਂ ਨਵੀਂ ਚੁਣੀ ਗਈ 'ਆਪ' ਦੀ ਸਰਕਾਰ ਇਸ ਸਮੱਸਿਆ ਨਾਲ ਕਿਵੇਂ ਜੂਝਦੀ ਹੈ ਤੇ ਕਿਵੇਂ ਅਵਾਮ ਨੂੰ ਇਸ ਸਮਸਿਆ ਤੋਂ ਰਾਹਤ ਪ੍ਰਦਾਨ ਕਰੇਗੀ।