ਹੁਣ ਬਾਬਾ ਬਾਲਕ ਨਾਥ ਮੰਦਿਰ ’ਚ ਹੋਈ ਬੇਅਦਬੀ, ਲੋਕਾਂ ‘ਚ ਭਾਰੀ ਰੋਸ਼

by jaskamal

ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੜ੍ਹਸ਼ੰਕਰ ਦੇ ਪਿੰਡ ਬਡੇਸਰੋਂ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਬਾਲਕ ਨਾਥ ਜੀ ਦੇ ਮੰਦਿਰ ’ਚੋਂ ਬਾਬਾ ਬਾਲਕ ਨਾਥ ਜੀ ਦੀ ਮੂਰਤੀ ਚੋਰੀ ਕਰਨ ਤੇ ਬਾਬਾ ਵਿਸ਼ਵਕਰਮਾ ਤੇ ਗੁਰੂ ਰਵਿਦਾਸ ਜੀ ਦੇ ਸਰੂੁਪਾਂ ਦੀ ਬੇਅਦਬੀ ਕਰਨ ਦੀ ਘਟਨਾ ਵਾਪਰੀ ਹੈ। ਇਸ ਦੌਰਾਨ ਭਾਜਪਾ ਆਗੂ ਨਿਮਿਸ਼ਾ ਮਹਿਤਾ ਸਾਥੀਆਂ ਸਮੇਤ ਘਟਨਾ ਵਾਲੀ ਥਾਂ ਪਿੰਡ ਬਡੇਸਰੋਂ ਪਹੁੰਚੀ ਅਤੇ ਮੌਕੇ ਦਾ ਜਾਇਜ਼ਾ ਲਿਆ।

ਨਿਮਿਸ਼ਾ ਮਹਿਤਾ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ’ਚ ਨਿੰਦਾ ਕੀਤੀ। ਇਸ ਦੇ ਨਾਲ ਹੀ ਉਨ੍ਹਾਂ ਸਰਕਾਰ ਤੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਕ੍ਰਿਪਾ ਕਰਕੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਫੜ ਕੇ ਅੰਦਰ ਕੀਤਾ ਜਾਵੇ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਅਸੀਂ ਇਸ ਤਰ੍ਹਾਂ ਦੀਆਂ ਘਟਨਾਵਾਂ ’ਤੇ ਕੋਈ ਸਿਆਸਤ ਨਹੀਂ ਕਰਨਾ ਚਾਹੁੰਦੇ ਤੇ ਨਾ ਹੀ ਕਰਨੀ ਹੈ।

ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਵੀ ਬੇਅਦਬੀ ਕਰਨ ਵਾਲੇ ਨੂੰ ਦੇਖਿਆ ਹੈ, ਉਸ ਤੋਂ ਦੋਸ਼ੀ ਦਾ ਸਕੈੱਚ ਤਿਆਰ ਕਰਵਾਇਆ ਜਾਵੇ। ਇਹ ਹਲਕੇ ’ਚ ਹਿੰਦੂ ਮੰਦਰਾਂ ’ਚ ਵਾਪਰੀ ਦੂਜੀ ਘਟਨਾ ਹੈ। ਇਸ ਤੋਂ ਪਹਿਲਾਂ ਪਿੰਡ ਪਦਰਾਣੇ ’ਚ ਭਗਵਾਨ ਸ਼ਿਵ ਦੀ ਮੂਰਤੀ ਖੰਡਿਤ ਕੀਤੀ ਗਈ ਤੇ ਹੁਣ ਇਥੇ ਬਾਬਾ ਬਾਲਕ ਨਾਥ ਮੰਦਿਰ ’ਚ ਇਹ ਘਟਨਾ ਵਾਪਰੀ ਹੈ।