ਨਿਊਜ਼ ਡੈਸਕ (ਰਿੰਪੀ ਸ਼ਰਮਾ) : ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਤੋਂ ਬਾਅਦ ਜਿਥੇ ਪੂਰੀ ਦੁਨੀਆ ’ਚ ਕਬੱਡੀ ਪ੍ਰੇਮੀਆਂ ’ਚ ਦੁੱਖ ਦੀ ਲਹਿਰ ਹੈ, ਉਥੇ ਹੀ ਇਕ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਦੇ ਕਤਲ ਮਗਰੋਂ ਬਹੁਤ ਰੋਸ ਵੀ ਹੈ। ਜਲੰਧਰ ਵਿਖੇ ਵੱਖ-ਵੱਖ ਕਬੱਡੀ ਫੈੱਡਰੇਸ਼ਨਾਂ, ਜਿਨ੍ਹਾਂ ’ਚ ਮੁੱਖ ਤੌਰ ’ਤੇ ਇੰਗਲੈਂਡ ਕਬੱਡੀ ਫੈੱਡਰੇਸ਼ਨ ਵੀ ਸ਼ਾਮਿਲ ਹੈ, ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ।
ਕਬੱਡੀ ਫੈੱਡਰੇਸ਼ਨਾਂ ਨੇ ਫ਼ੈਸਲਾ ਕੀਤਾ ਕਿ ਨੰਗਲ ਅੰਬੀਆਂ ਦੇ ਕਤਲ ਦੇ ਰੋਸ ’ਚ ਇਕ ਹਫ਼ਤੇ ਲਈ ਜਿੰਨੇ ਵੀ ਕਬੱਡੀ ਟੂਰਨਾਮੈਂਟ ਇਨ੍ਹਾਂ ਫੈੱਡਰੇਸ਼ਨਾਂ ਵੱਲੋਂ ਕਰਵਾਏ ਜਾਣੇ ਸਨ, ਉਹ ਰੱਦ ਕਰ ਦਿੱਤੇ ਗਏ ਹਨ। ਇੰਗਲੈਂਡ ਕਬੱਡੀ ਫੈੱਡਰੇਸ਼ਨ ਵੱਲੋਂ ਵੀ ਕਿਹਾ ਗਿਆ ਕਿ ਉਨ੍ਹਾਂ ਵੱਲੋਂ ਪੰਜਾਬ ’ਚ ਕਰਵਾਏ ਜਾਣ ਵਾਲੇ ਦੋ ਮੁੱਖ ਕਬੱਡੀ ਟੂਰਨਾਮੈਂਟ, ਜਿਨ੍ਹਾਂ ’ਚੋਂ ਇਕ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਣ ਵਾਲਾ ਕਬੱਡੀ ਟੂਰਨਾਮੈਂਟ ਵੀ ਸ਼ਾਮਲ ਹੈ, ਨੂੰ ਰੱਦ ਕੀਤਾ ਜਾਂਦਾ ਹੈ।
ਇਸ ਬਾਰੇ ਦੱਸਦਿਆਂ ਇੰਗਲੈਂਡ ਕਬੱਡੀ ਫੈੱਡਰੇਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਮਾਣਕ ਨੇ ਕਿਹਾ ਕਿ ਸੰਦੀਪ ਸਿੰਘ ਇਕ ਸ਼ਾਨਦਾਰ ਕਬੱਡੀ ਖਿਡਾਰੀ ਸੀ, ਜੋ ਅੰਤਰਰਾਸ਼ਟਰੀ ਪੱਧਰ ’ਤੇ ਕਈ ਟੂਰਨਾਮੈਂਟ ਖੇਡ ਚੁੱਕਾ ਸੀ। ਉਨ੍ਹਾਂ ਕਿਹਾ ਕਿ ਸੰਦੀਪ ਸਿੰਘ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ, ਇਸ ਲਈ ਬ੍ਰਿਟਿਸ਼ ਹਾਈ ਕਮਿਸ਼ਨ ਨਾਲ ਵੀ ਇਸ ਬਾਰੇ ਗੱਲ ਕੀਤੀ ਜਾਵੇਗੀ ਕਿ ਪੰਜਾਬ ’ਚ ਸੰਦੀਪ ਸਿੰਘ ਦੇ ਕਤਲ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।