ਨਿਊਜ਼ ਡੈਸਕ (ਰਿੰਪੀ ਸ਼ਰਮਾ) : ਕੈਨੇਡਾ ਵਿਚ ਇਕ ਹਾਦਸੇ ਵਿਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ ਅਤੇ ਇਕ ਹੋਰ ਦੀ ਖੁਸ਼ਕਿਸਮਤੀ ਨਾਲ ਜਾਨ ਬੱਚ ਗਈ। ਕੈਨੇਡਾ ਦੇ ਓਨਟਾਰੀਓ ਸੂਬੇ ‘ਚ 12 ਮਾਰਚ ਨੂੰ ਵਾਪਰੇ ਸੜਕ ਹਾਦਸੇ ‘ਚ 5 ਭਾਰਤੀ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ। ਇਹ ਹਾਦਸਾ ਦੱਖਣੀ ਓਨਟਾਰੀਓ ਦੇ ਕੁਇੰਟ ਵੈਸਟ ਸ਼ਹਿਰ ‘ਚ ਹਾਈਵੇਅ 401 ‘ਤੇ ਇਕ ਯਾਤਰੀ ਵੈਨ ਅਤੇ ਟਰੈਕਟਰ-ਟ੍ਰੇਲਰ ਵਿਚਾਲੇ ਹੋਈ ਟੱਕਰ ਕਾਰਨ ਵਾਪਰਿਆ ਸੀ। ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾਰੀਆ ਨੇ ਹਾਦਸੇ ਬਾਰੇ ਇਕ ਅਪਡੇਟ ਵਿਚ ਕਿਹਾ ਕਿ ਜ਼ਖ਼ਮੀਆਂ ਵਿਚੋਂ 2 ਅਜੇ ਵੀ ਹਸਪਤਾਲ ਵਿਚ ਹਨ, ਜਦਕਿ ਇਕ ਹੋਰ ਵਿਦਿਆਰਥੀ ਵਾਲ-ਵਾਲ ਬਚ ਗਿਆ।
ਬਿਸਾਰੀਆ ਨੇ ਟਵੀਟ ਕਰਦੇ ਹੋਏ ਲਿਖਿਆ, "ਸ਼ਨੀਵਾਰ ਨੂੰ ਟੋਰਾਂਟੋ ਨੇੜੇ ਵਾਪਰੇ ਦੁਖ਼ਦਾਈ ਹਾਦਸੇ ਬਾਰੇ ਅਪਡੇਟ, ਜਿਸ ਵਿਚ 5 ਭਾਰਤੀਆਂ ਦੀ ਮੌਤ ਹੋ ਗਈ ਸੀ: ਦੋ ਜ਼ਖ਼ਮੀ ਅਜੇ ਵੀ ਹਸਪਤਾਲ ਵਿਚ ਹਨ ਅਤੇ ਖ਼ਤਰੇ ਤੋਂ ਬਾਹਰ ਹਨ। ਵੈਨ ਵਿਚ ਸਵਾਰ ਇਕ ਹੋਰ ਵਿਦਿਆਰਥੀ ਵਾਲ-ਵਾਲ ਬਚ ਗਿਆ ਸੀ।
ਓ.ਪੀ.ਪੀ. ਦੇ ਬੁਲਾਰੇ ਮੈਗੀ ਪਿਕੇਟ ਨੇ ਕਿਹਾ ਕਿ ਪੁਲਿਸ ਦਾ ਮੰਨਣਾ ਹੈ ਕਿ ਵੈਨ ਨੂੰ ਹਾਈਵੇਅ ਦੇ ਕਿਨਾਰੇ ਰੋਕਿਆ ਗਿਆ ਸੀ ਜਦੋਂ ਇਹ ਹਾਦਸਾ ਵਾਪਰਿਆ। ਹਾਦਸੇ ਦੀ ਜਾਂਚ ਜਾਰੀ ਹੈ ਅਤੇ ਕੋਈ ਦੋਸ਼ ਨਹੀਂ ਲਗਾਇਆ ਗਿਆ ਹੈ।