ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਵਿੱਖੇ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ 11 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਦਾ ਰਿਹਾ। ਜਾਣਕਾਰੀ ਮੁਤਾਬਕ ਬੱਚੀ ਦੇ ਮਾਤਾ-ਪਿਤਾ ਬਿਹਾਰ ਦੇ ਰਹਿਣ ਵਾਲੇ ਹਨ ਅਤੇ ਇਥੇ ਕੂਮਕਲਾਂ ਇਲਾਕੇ ਵਿਚ ਰਹਿੰਦੇ ਹਨ ਅਤੇ ਇਕ ਫੈਕਟਰੀ ਵਿਚ ਕੰਮ ਕਰਦੇ ਹਨ। ਬੱਚੀ ਵੀ ਉਨ੍ਹਾਂ ਦੇ ਨਾਲ ਫੈਕਟਰੀ ਵਿਚ ਕੰਮ ਕਰਦੀ ਹੈ। ਫੈਕਟਰੀ ਵਿਚ ਮੁਲਜ਼ਮ ਸ਼ਸ਼ੀਕਾਂਤ ਵੀ ਕੰਮ ਕਰਦਾ ਸੀ, ਜਿਸ ਨੇ ਬੱਚੀ ਨੂੰ ਵਰਗਲਾ ਕੇ ਆਪਣੇ ਝਾਂਸੇ ਵਿਚ ਲੈ ਲਿਆ ਅਤੇ ਇਸ ਤੋਂ ਬਾਅਦ ਉਸ ਦੇ ਨਾਲ ਜਬਰ-ਜ਼ਿਨਾਹ ਕਰਨ ਲੱਗ ਗਿਆ ਸੀ।
ਉਸ ਨੇ ਬੱਚੀ ਨੂੰ ਧਮਕਾਇਆ ਵੀ ਸੀ ਕਿ ਉਹ ਆਪਣੇ ਪਰਿਵਾਰ ਨੂੰ ਕੋਈ ਗੱਲ ਨਾ ਦੱਸੇ। ਇਸ ਲਈ ਬੱਚੀ ਨੇ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸਿਆ। ਇਸ ਦੌਰਾਨ ਬੱਚੀ ਗਰਭਵਤੀ ਹੋ ਗਈ ਪਰ ਕਿਸੇ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗਾ। ਜਦੋਂ ਬੱਚੀ ਗੁੰਮਸੁੰਮ ਰਹਿਣ ਲੱਗੀ ਤਾਂ ਉਸ ਦੀ ਮਾਂ ਨੇ ਆਪਣੀ ਜਾਣਕਾਰ ਜਨਾਨੀ ਨੂੰ ਕਿਹਾ ਕਿ ਉਸ ਦੀ ਧੀ ਨਾਲ ਗੱਲ ਕਰਕੇ ਉਸ ਦੇ ਮਨ ਦੀ ਗੱਲ ਜਾਣੇ। ਜਦੋਂ ਜਨਾਨੀ ਨੇ ਬੱਚੀ ਨਾਲ ਗੱਲ ਕੀਤੀ ਤਾਂ ਬੱਚੀ ਨੇ ਸਾਰੀ ਗੱਲ ਦੱਸ ਦਿੱਤੀ ਪਰ ਜਨਾਨੀ ਨੇ ਪਰਿਵਾਰ ਨੂੰ ਦੱਸਣ ਦੀ ਬਜਾਏ ਨੌਜਵਾਨ ਨਾਲ ਮਿਲੀ-ਭੁਗਤ ਕਰ ਲਈ ਸੀ।
ਉਕਤ ਜਨਾਨੀ ਬੱਚੀ ਨੂੰ ਆਪਣੇ ਨਾਲ ਆਪਣੇ ਘਰ ਲੈ ਗਈ ਸੀ ਪਰ ਉੱਥੇ ਬੱਚੀ ਦੀ ਸਿਹਤ ਵਿਗੜਨੀ ਸ਼ੁਰੂ ਹੋ ਗਈ ਤਾਂ ਉਹ ਜਨਾਨੀ ਉਸ ਨੂੰ ਵਾਪਸ ਮਾਤਾ-ਪਿਤਾ ਕੋਲ ਛੱਡ ਗਈ। ਉਸ ਦੇ ਮਾਤਾ-ਪਿਤਾ ਉਸ ਨੂੰ ਸਿਵਲ ਹਸਪਤਾਲ ਲੈ ਕੇ ਆਏ, ਜਿੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਬੱਚੀ ਮਾਂ ਬਣਨ ਵਾਲੀ ਹੈ। ਹਸਪਤਾਲ 'ਚ ਬੱਚੀ ਦੀ ਡਲਿਵਰੀ ਹੋਈ ਅਤੇ ਉਸ ਨੇ ਇਕ ਮੁੰਡੇ ਨੂੰ ਜਨਮ ਦਿੱਤਾ। ਪੁਲਿਸ ਨੇ ਸ਼ਿਕਾਇਤ ਮਿਲਣ ਤੋਂ ਤੁਰੰਤ ਬਾਅਦ ਮੁਲਜ਼ਮ ਨੌਜਵਾਨ ’ਤੇ ਕੇਸ ਦਰਜ ਕਰ ਲਿਆ ਹੈ। ਅਜੇ ਮੁਲਜ਼ਮ ਫ਼ਰਾਰ ਹੈ, ਉਸ ਨੂੰ ਫੜ੍ਹਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।