ਨਿਊਜ਼ ਡੈਸਕ : ਰੂਸ ਨੇ ਕਿਹਾ ਹੈ ਕਿ ਉਹ ਅਮਰੀਕਾ ਤੇ ਯੂਰਪੀ ਦੇਸ਼ਾਂ ਨੂੰ ਰੂਸ ਖ਼ਿਲਾਫ਼ ਪਾਬੰਦੀਆਂ ਹਟਾਉਣ ਲਈ ਨਹੀਂ ਕਹੇਗਾ ਤੇ ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਸਾਡੇ ਫ਼ੈਸਲੇ ਨੂੰ ਨਹੀਂ ਬਦਲ ਸਕਦੀਆਂ। ਰੂਸ ਦੇ ਉਪ ਵਿਦੇਸ਼ ਮੰਤਰੀ ਸਰਗੇਈ ਵਰਸ਼ਿਨਿਨ ਨੇ ਇਕ ਵਿਦੇਸ਼ੀ ਅਖ਼ਬਾਰ ਨੂੰ ਦਿੱਤੇ ਇੰਟਰਵਿਊ 'ਚ ਕਿਹਾ ਕਿ ਪਾਬੰਦੀਆਂ ਸਾਡਾ ਫ਼ੈਸਲਾ ਨਹੀਂ ਹਨ। ਇਹ ਅਮਰੀਕ ਤੇ ਉਸ ਦੇ ਇਸ਼ਾਰੇ 'ਤੇ ਚੱਲਣ ਵਾਲੇ ਦੇਸ਼ਾਂ ਵੱਲੋਂ ਲਗਾਈਆਂ ਜਾ ਰਹੀਆਂ ਹਨ। ਇਹ ਲੋਕ ਰੂਸ 'ਤੇ ਦਬਾਅ ਬਣਾਉਣਾ ਚਾਹੁੰਦੇ ਹਨ, ਸਾਡੀ ਆਰਥਿਕਤਾ ਅਤੇ ਰੂਸ ਦੇ ਆਮ ਨਾਗਰਿਕਾਂ ਨੂੰ ਬਹੁਤ ਮੁਸ਼ਕਲ ਸਥਿਤੀ ਵਿਚ ਪਾਉਣਾ ਚਾਹੁੰਦੇ ਹਨ।
ਉਹ ਅਜਿਹਾ ਰੂਸ ਦੇ ਪ੍ਰਭੂਸੱਤਾ ਸੰਪੰਨ ਰਾਜਨੀਤਿਕ ਫ਼ੈਸਲਿਆਂ ਦੀ ਸਜ਼ਾ ਦੇਣ ਲਈ ਕਰ ਰਹੇ ਹਨ। ਉਸ ਨੇ ਜ਼ੋਰ ਦੇ ਕੇ ਕਿਹਾ ਕਿ ਦਬਾਅ ਦੇ ਸਾਧਨ ਵਜੋਂ ਰੂਸ 'ਤੇ ਪੱਛਮੀ ਦੇਸ਼ਾਂ ਦੁਆਰਾ ਲਗਾਈਆਂ ਗਈਆਂ ਪਾਬੰਦੀਆਂ ਜਾਇਜ਼ ਨਹੀਂ ਹਨ ਅਤੇ ਇਸ ਦਾ ਕੋਈ ਨਤੀਜਾ ਨਹੀਂ ਨਿਕਲੇਗਾ। ਉਨ੍ਹਾਂ ਕਿਹਾ ਕਿ ਅਸੀਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਨਹੀਂ ਕਰਾਂਗੇ। ਅਸੀਂ ਸਿਰਫ਼ ਆਪਣੀ ਆਰਥਿਕਤਾ ਅਤੇ ਸੁਤੰਤਰ ਤੌਰ 'ਤੇ ਵਿਕਾਸ ਕਰਨ ਦੀ ਸਾਡੀ ਯੋਗਤਾ ਦਾ ਵਿਕਾਸ ਕਰਾਂਗੇ, ਜੋ ਸਾਡੇ ਦੋਸਤਾਂ ਅਤੇ ਸਮਾਨ ਸੋਚ ਵਾਲੇ ਲੋਕਾਂ 'ਤੇ ਨਿਰਭਰ ਹੈ।