ਨਿਊਜ਼ ਡੈਸਕ : ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਮੋਰਚੇ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਵਾਲੇ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨਾਂ ਦੇ ਹੱਕਾਂ ਨੂੰ ਮੁੱਖ ਰੱਖਦਿਆਂ ਸਿਆਸਤ ’ਚ ਆਉਣ ਦਾ ਫ਼ੈਸਲਾ ਲਿਆ ਸੀ। ਇਸ ਲਈ ਉਨ੍ਹਾਂ ਨੇ ਸੰਯੁਕਤ ਸਮਾਜ ਮੋਰਚੇ ਦੇ ਨਾਮ ਦੀ ਇਕ ਪਾਰਟੀ ਬਣਾਈ ਤੇ 2022 ’ਚ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਦਾ ਫ਼ੈਸਲਾ ਕੀਤਾ ਸੀ। ਸੰਯੁਕਤ ਸਮਾਜ ਮੋਰਚਾ ਦੇ ‘ਆਪ’ ਨਾਲ ਗਠਜੋੜ ਹੋਣ ਦੀਆਂ ਖ਼ਬਰਾਂ ਵੀ ਆਈਆਂ ਪਰ ਬਲਬੀਰ ਰਾਜੇਵਾਲ ਨੇ ਬਿਨਾਂ ਗਠਜੋੜ ਤੋਂ ਆਪਣੀ ਵੱਖਰੀ ਪਾਰਟੀ ਬਣਾ ਕੇ ਚੋਣ ਮੈਦਾਨ ’ਚ ਉਤਰੇ। 2022 ’ਚ ਨਵੀਂ ਪਾਰਟੀ ਸੰਯੁਕਤ ਸਮਾਜ ਮੋਰਚਾ ਵਲੋਂ ਬਲਬੀਰ ਰਾਜੇਵਾਲ ਨੂੰ ਆਪਣੇ ਮੁੱਖ ਚਿਹਰੇ ਵਜੋਂ ਖੜਾ ਕੀਤਾ ਗਿਆ ਸੀ ਪਰ ‘ਆਪ’ ਦੇ ਜਗਤਾਰ ਸਿੰਘ ਦਿਆਲਪੁਰ ਵਲੋਂ ਸਖ਼ਤ ਟੱਕਰ ਮਿਲੀ ਅਤੇ ਰਾਜੇਵਾਲ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਗਤਾਰ ਸਿੰਘ ਦਿਆਲਪੁਰਾ ਨੇ ਰਾਜੇਵਾਲ ਨੂੰ 28 ਹਜ਼ਾਰ ਤੋਂ ਵੱਧ ਵੋਟਾਂ ਦੇ ਫ਼ਰਕ ਨਾਲ ਹਰਾਇਆ। ਪੰਜਾਬ ਦੇ ਚੋਣ ਨਤੀਜਿਆਂ ਤੋਂ ਬਾਅਦ ਸੰਯੁਕਤ ਸਮਾਜ ਮੋਰਚੇ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਆਪਣੀ ਪਹਿਲੀ ਪ੍ਰਤੀਕਿਰਿਆ ਪ੍ਰਗਟ ਕਰਦੇ ਹੋਏ ਆਖਿਆ ਕਿ ਸੂਬੇ ਦੇ ਲੋਕਾਂ ਵਲੋਂ ਦਿੱਤੇ ਫ਼ਤਵੇ ਨੂੰ ਉਹ ਕਬੂਲ ਕਰਦੇ ਹਨ ਅਤੇ ਪੰਜਾਬ ਦੇ ਲੋਕਾਂ ਦੀ ਲੜਾਈ ਪਹਿਲਾਂ ਵਾਂਗ ਹੀ ਜਾਰੀ ਰੱਖਣਗੇ। ਰਾਜੇਵਾਲ ਅਤੇ ਉਨਾਂ ਦੀ ਪਾਰਟੀ ਦਾ ਇਕ ਵੀ ਉਮੀਦਵਾਰ ਚੋਣਾਂ ’ਚ ਜਿੱਤ ਪ੍ਰਾਪਤ ਕਰਨ ’ਚ ਸਫਲ ਨਹੀਂ ਹੋ ਸਕਿਆ।