
ਨਿਊਜ਼ ਡੈਸਕ : ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ 'ਚ ਇਕ ਨਿਯੁਕਤੀ ਹੋ ਗਈ ਹੈ। 1991 ਬੇੈਚ ਦੇ IAS ਏ ਵੇਣੂ ਪ੍ਰਸਾਦ ਨੂੰ ਪ੍ਰਿੰਸੀਪਲ ਸੈਕਟਰੀ ਲਗਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰੀ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਸੂਬੇ ’ਚ ਕਿਸੇ ਅਜਿਹੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ, ਜਿਸ ਦੀ ਸਿਰਫ਼ ਅੱਠ ਸਾਲ ਪਹਿਲਾਂ ਇੱਥੋਂ ਦੀ ਸਿਆਸਤ ’ਚ ਐਂਟਰੀ ਹੋਈ ਸੀ। ਆਮ ਆਦਮੀ ਪਾਰਟੀ ਦੇ ਸੂਬਾਈ ਪ੍ਰਧਾਨ ਭਗਵੰਤ ਮਾਨ 16 ਮਾਰਚ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ
ਕਲਾਂ (ਨਵਾਂਸ਼ਹਿਰ) ’ਚ 12.30 ਵਜੇ ਪੰਜਾਬ ਦੇ 26ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਵੈਸੇ ਭਗਵੰਤ ਮਾਨ 1966 ’ਚ ਪੰਜਾਬ ਦੇ ਪੁਨਰਗਠਨ ਦੇ ਬਾਅਦ ਸੂਬੇ ਦੇ 19ਵੇਂ ਮੁੱਖ ਮੰਤਰੀ ਹੋਣਗੇ।
ਜਾਣਕਾਰੀ ਮੁਤਾਬਕ ਭਗਵੰਤ ਮਾਨ ਨਾਲ ਨਵੇਂ ਬਣੇ ਵਿਧਾਇਕ ਹਰਪਾਲ ਚੀਮਾ ਦਿੜਬਾ ਤੋਂ, ਅਮਨ ਅਰੋੜਾ ਸੁਨਾਮ ਤੋਂ, ਕੁਲਤਾਰ ਸਿੰਘ ਸੰਧਵਾਂ ਕੋਟਕਪੂਰਾ ਤੋਂ, ਹਰਜੋਤ ਬੈਂਸ ਸ੍ਰੀ ਅਨੰਦਪੁਰ ਸਾਹਿਬ ਤੋਂ, ਨੀਨਾ ਮਿੱਤਲ ਰਾਜਪੁਰੇ ਤੋਂ ਤੇ ਜੀਵਨਜੋਤ ਕੌਰ ਅੰਮ੍ਰਿਤਸਰ ਤੋਂ ਬਤੌਰ ਕੈਬਨਿਟ ਮੰਤਰੀ ਸਹੁੰ ਚੁੱਕਣਗੇ। ਸੂਤਰਾਂ ਮੁਤਾਬਕ ਇਸ ਵਾਰ ਛੋਟੀ ਕੈਬਨਿਟ ਰੱਖੀ ਜਾਵੇਗੀ। ਇਸ ਦਾ ਵਿਸਥਾਰ ਵੀ ਸੰਭਵ ਹੋ ਸਕਦਾ ਹੈ। ਭਾਵੇਂ ਕਿ ਹਾਲੇ ਵਿਭਾਗਾਂ ਦੀ ਵੰਡ ਨੂੰ ਲੈ ਕੇ ਸਥਿਤੀ ਸਪਸ਼ਟ ਨਹੀਂ ਹੈ।