ਨਿਊਜ਼ ਡੈਸਕ : ਜੰਮੂ-ਕਸ਼ਮੀਰ 'ਚ ਸੁਰੱਖਿਆ ਬਲਾਂ ਨਾਲ ਤਿੰਨ ਵੱਖ-ਵੱਖ ਮੁਕਾਬਲਿਆਂ 'ਚ ਚਾਰ ਅੱਤਵਾਦੀ ਮਾਰੇ ਗਏ ਅਤੇ ਇਕ ਨੂੰ ਗ੍ਰਿਫਤਾਰ ਕੀਤਾ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮੁਕਾਬਲੇ ਕਸ਼ਮੀਰ ਘਾਟੀ ਦੇ ਪੁਲਵਾਮਾ, ਗੰਦਰਬਲ ਤੇ ਕੁਪਵਾੜਾ ਜ਼ਿਲ੍ਹਿਆਂ 'ਚ ਹੋਏ। ਉਨ੍ਹਾਂ ਨੇ ਕਿਹਾ ਕਿ ਪੁਲਵਾਮਾ ਦੇ ਚੇਵਾਕਲਾਨ ਇਲਾਕੇ 'ਚ ਰਾਤ ਭਰ ਚੱਲੇ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਦੋ ਅੱਤਵਾਦੀ ਮਾਰੇ ਗਏ, ਜਿਨ੍ਹਾਂ 'ਚ ਇਕ ਪਾਕਿਸਤਾਨੀ ਨਾਗਰਿਕ ਵੀ ਸ਼ਾਮਲ ਹੈ।
ਅਧਿਕਾਰੀ ਨੇ ਦੱਸਿਆ ਕਿ ਗੰਦਰਬਲ ਜ਼ਿਲ੍ਹੇ ਦੇ ਸਰਚ ਇਲਾਕੇ 'ਚ ਸਵੇਰੇ ਤੜਕੇ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਗੋਲੀਬਾਰੀ ਹੋਈ। ਅਧਿਕਾਰੀ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ (ਐੱਲਈਟੀ) ਦਾ ਇਕ ਮੈਂਬਰ ਗੋਲੀਬਾਰੀ 'ਚ ਮਾਰਿਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਨੇਚਾਮਾ ਰਾਜਵਾਰ ਖੇਤਰ 'ਚ ਸਵੇਰੇ ਇਕ ਹੋਰ ਮੁਕਾਬਲਾ ਹੋਇਆ, ਜਿਸ 'ਚ ਲਸ਼ਕਰ ਦਾ ਇਕ ਅਤਿਵਾਦੀ ਮਾਰਿਆ ਗਿਆ। ਕਸ਼ਮੀਰ ਦੇ ਪੁਲਿਸ ਇੰਸਪੈਕਟਰ ਜਨਰਲ ਵਿਜੇ ਕੁਮਾਰ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਚਾਰ ਤੋਂ ਪੰਜ ਥਾਵਾਂ 'ਤੇ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਹੈ।