ਨਿਊਜ਼ ਡੈਸਕ : ਪੰਜਾਬ ਰਾਜ 'ਚ ਵਿਧਾਨ ਸਭਾ ਚੋਣਾਂ 2022 ਲਈ ਵੋਟਾਂ ਦੀ ਗਿਣਤੀ ਸਬੰਧੀ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ। ਇਹ ਜਾਣਕਾਰੀ ਮੁੱਖ ਚੋਣ ਅਫ਼ਸਰ, ਪੰਜਾਬ ਡਾ. ਐਸ. ਕਰੁਣਾ ਰਾਜੂ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੇ 117 ਵਿਧਾਨ ਸਭਾ ਚੋਣ ਹਲਕਿਆਂ ਲਈ 20 ਫਰਵਰੀ, 2022 ਨੂੰ ਪਈਆਂ ਵੋਟਾਂ ਦੀ ਗਿਣਤੀ ਦਾ ਕਾਰਜ 10 ਮਾਰਚ, 2022 ਨੂੰ ਸਵੇਰੇ 8 ਵਜੇ ਸ਼ੁਰੂ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ ਸੂਬੇ ਵਿੱਚ 66 ਸਥਾਨਾਂ ਉੱਤੇ 117 ਗਿਣਤੀ ਕੇਂਦਰ ਸਥਾਪਤ ਕੀਤੇ ਗਏ ਹਨ।
ਸੀ.ਈ.ਓ. ਨੇ ਦੱਸਿਆ ਕਿ ਇਨ੍ਹਾਂ 117 ਕੇਂਦਰਾਂ ਦੀ ਸੁਰੱਖਿਆ ਲਈ ਤਿੰਨ ਪਰਤੀ ਸੁਰੱਖਿਆ ਘੇਰਾ ਲਗਾਇਆ ਗਿਆ ਹੈ, ਜਿਸ ਲਈ 45 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਸੂਬੇ ਵਿੱਚ 7,500 ਦੇ ਕਰੀਬ ਮੁਲਾਜ਼ਮ ਗਿਣਤੀ ਦੇ ਕਾਰਜ ਨੂੰ ਨੇਪਰੇ ਚਾੜ੍ਹਨਗੇ।
ਡਾ. ਰਾਜੂ ਨੇ ਦੱਸਿਆ ਕਿ ਹਰੇਕ ਗਿਣਤੀ ਕੇਂਦਰ `ਤੇ ਮੀਡੀਆ ਦੀ ਸਹੂਲਤ ਲਈ ਮੀਡੀਆ ਸੈਂਟਰ ਸਥਾਪਤ ਕੀਤੇ ਗਏ ਹਨ ਜਿੱਥੇ ਪੱਤਰਕਾਰਾਂ ਨੂੰ ਗਿਣਤੀ ਦੇ ਰਾਊਂਡ ਸਬੰਧੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ।ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਵਿੱਚ ਗਿਣਤੀ ਕੇਂਦਰਾਂ ਵਿੱਚ ਜਾਣ ਲਈ 3,562 ਪੱਤਰਕਾਰਾਂ ਨੂੰ ਸ਼ਨਾਖ਼ਤੀ ਪੱਤਰ ਜਾਰੀ ਕੀਤੇ ਗਏ ਹਨ ਜੋ ਕਿ ਰਿਟਰਨਿੰਗ ਅਫ਼ਸਰ ਨਾਲ ਤਾਲਮੇਲ ਕਰਨ ਉਪਰੰਤ ਗਿਣਤੀ ਕੇਂਦਰ ਵਿੱਚ ਮਿੱਥੀ ਹੋਈ ਹੱਦ ਤੱਕ ਜਾ ਸਕਣਗੇ।ਉਨ੍ਹਾਂ ਇਹ ਵੀ ਦੱਸਿਆ ਕਿ ਗਿਣਤੀ ਕੇਂਦਰਾਂ ਵਿੱਚ ਸਿਰਫ਼ ਸਰਕਾਰੀ ਰਿਕਾਰਡ ਹਿੱਤ ਹੀ ਵੀਡੀਓ ਅਤੇ ਸਟਿੱਲ ਕੈਮਰਾ ਲਿਜਾਇਆ ਜਾ ਸਕੇਗਾ। ਇਸ ਤੋਂ ਇਲਾਵਾ ਕਿਸੇ ਹੋਰ ਨੂੰ ਵੀਡੀਓ ਅਤੇ ਸਟਿੱਲ ਕੈਮਰਾ ਪੱਕੇ ਤੌਰ `ਤੇ ਗਿਣਤੀ ਕੇਂਦਰ ਵਿੱਚ ਲਿਜਾਣ ਦੀ ਆਗਿਆ ਨਹੀਂ ਹੋਵੇਗੀ।ਭਾਰਤ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਪੱਤਰਕਾਰ ਰਿਟਰਨਿੰਗ ਅਫ਼ਸਰ ਦੁਆਰਾ ਨਿਰਧਾਰਤ ਸਥਾਨ ਤੋਂ ਹੀ ਫੋਟੋ ਖਿੱਚ ਸਕਣਗੇ ਅਤੇ ਵੀਡੀਓ ਬਣਾ ਸਕਣਗੇ।