ਨਿਊਜ਼ ਡੈਸਕ (ਰਿੰਪੀ ਸ਼ਰਮਾ) : ਗੁਰੂ ਘਰ 'ਚ ਬੇਅਦਬੀ ਦਾ ਇਕ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ। ਫਿਲੌਰ ਵਿੱਖੇ ਪਿੰਡ ਮੌ ਸਾਹਿਬ ਦੇ ਮੁੱਖ ਗੁਰਦੁਆਰਾ ਸਾਹਿਬ ਜਿੱਥੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਵਿਆਹ ਕਰਵਾਉਣ ਆਏ ਸਨ ਅਤੇ ਇਸ ਪਵਿੱਤਰ ਅਸਥਾਨ 'ਤੇ ਉਨ੍ਹਾਂ ਦੀਆਂ ਯਾਦਾਂ ਸੁਸ਼ੋਭਿਤ ਹਨ।
ਇਹ ਗੁਰਦੁਆਰਾ SGPC ਅਧੀਨ ਆਉਂਦਾ ਹੈ ਅਤੇ ਇਸ ਵਿਚ SGPC ਵੱਲੋਂ ਸੇਵਾਦਾਰ ਲਾਏ ਜਾਂਦੇ ਹਨ। ਉਸ ਗੁਰਦੁਆਰੇ ਵਿਚ ਪਿਛਲੇ 9 ਸਾਲਾਂ ਤੋਂ ਬਤੌਰ ਸੇਵਾਦਾਰ ਹਰਜਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਲਗਾਤਾਰ ਕਈ ਮਹੀਨਿਆਂ ਤੋਂ ਗੁਰਦੁਆਰੇ ਦੀ ਮਰਿਯਾਦਾ ਭੰਗ ਕਰਕੇ ਬੇਅਦਬੀ ਕਰ ਰਿਹਾ ਸੀ। ਉਹ ਆਏ ਦਿਨ ਗੁਰਦੁਆਰੇ ਦੇ ਅੰਦਰ ਆਪਣੇ ਕਮਰੇ 'ਚ ਮੀਟ ਬਣਾਉਂਦਾ ਅਤੇ ਸ਼ਰਾਬ ਵੀ ਪੀਂਦਾ ਸੀ।
ਪਿੰਡ ਵਾਸੀਆਂ ਨੇ ਦੱਸਿਆ ਕਿ ਸੇਵਾਦਾਰ ਹਰਜਿੰਦਰ ਸਿੰਘ ਗੁਰੂ ਘਰ 'ਚ ਮੱਥਾ ਟੇਕਣ ਆਈਆਂ ਔਰਤਾਂ ਨੂੰ ਭੱਦੇ ਇਸ਼ਾਰੇ ਕਰਦਾ ਅਤੇ ਔਰਤਾਂ ਦੇ ਨੇੜੇ ਜਾ ਕੇ ਪਰਚੀ 'ਤੇ ਆਪਣਾ ਮੋਬਾਇਲ ਨੰਬਰ ਲਿਖ ਕੇ ਸੁੱਟ ਦਿੰਦਾ ਸੀ। ਉਸ ਨੇ ਔਰਤਾਂ ਨੂੰ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਗੰਦੇ ਸੁਨੇਹੇ ਵੀ ਭੇਜੇ।
ਇਸ ਸਬੰਧੀ SGPC ਦੇ ਉਪ ਪ੍ਰਧਾਨ ਅਤੇ ਹੋਰਨਾਂ ਅਧਿਕਾਰੀਆਂ ਨੂੰ ਵੀ ਦੱਸਿਆ ਗਿਆ। ਅਫ਼ਸੋਸ ਦੀ ਗੱਲ ਹੈ ਕਿ ਅਜਿਹੇ ਹੈਵਾਨ ਵਿਰੁੱਧ ਉਨ੍ਹਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਉਕਤ ਸੇਵਾਦਾਰ ਨੂੰ ਰੰਗੇ ਹੱਥੀਂ ਫੜਨ ਲਈ ਉਸ 'ਤੇ ਨਜ਼ਰ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਉਸ ਨੂੰ ਰੰਗੇ ਹੱਥੀ ਕਾਬੂ ਕਰ ਲਿਆ।
ਪਿੰਡ ਦੇ ਪੰਚ ਪਰਮਜੀਤ ਸਿੰਘ ਦੀ ਸ਼ਿਕਾਇਤ 'ਤੇ ਮੁਲਜ਼ਮ ਸੇਵਾਦਾਰ ਹਰਜਿੰਦਰ ਸਿੰਘ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਕੇ ਉਸ ਦੇ ਕਮਰੇ 'ਚੋਂ ਵੱਡੀ ਗਿਣਤੀ 'ਚ ਨਸੇ ਵਾਲੀਆਂ ਅਤੇ ਸੈਕਸ ਵਧਾਊ ਦਵਾਈਆਂ ਅਤੇ ਅਸ਼ਲੀਲ ਪੋਸਟਰ ਬਰਾਮਦ ਕੀਤੇ ਹਨ।