ਨਿਊਜ਼ ਡੈਸਕ (ਰਿੰਪੀ ਸ਼ਰਮਾ): ਗੁਆਂਢੀਆਂ ਵੱਲੋਂ ਸੱਤ ਮਹੀਨੇ ਦੀ ਗਰਭਵਤੀ ਔਰਤ ਦਾ ਪੇਟ ਪਾੜ ਕੇ ਉਸ ਵਿੱਚੋਂ ਭਰੂਣ ਕੱਢਣ ਦੇ ਸਨਸਨੀਖੇਜ਼ ਮਾਮਲੇ ’ਚ ਗੁਰਦਾਸਪੁਰ ਦੀ ਸੈਸ਼ਨ ਜੱਜ ਰਮੇਸ਼ ਕੁਮਾਰੀ ਨੇ ਪੰਜ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਦਿੰਦਿਆਂ ਕਰੀਬ 37-37 ਸਾਲ ਦੀ ਕੈਦ ਦਾ ਹੁਕਮ ਦਿੱਤਾ ਹੈ। ਸਜ਼ਾ ਪਾਉਣ ਵਾਲੇ ਦੋਸ਼ੀਆਂ ’ਚ ਚਾਰ ਔਰਤਾਂ ਅਤੇ ਇਕ ਪੁਰਸ਼ ਸ਼ਾਮਲ ਹੈ ।
ਪੁਲਿਸ ਨੂੰ ਲਿਖਵਾਈ ਸ਼ਿਕਾਇਤ ਵਿਚ ਬਲਵਿੰਦਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਅਕਾਲਗੜ੍ਹ ਨੇ ਦੱਸਿਆ ਕਿ ਕੁਝ ਉਹ ਆਪਣੀ ਪਤਨੀ ਜਸਬੀਰ ਕੌਰ ਸਮੇਤ ਕੁਝ ਸਾਲ ਤੋਂ ਆਪਣੇ ਨਾਨਕੇ ਪਿੰਡ ਕਾਲਾ ਨੰਗਲ ਵਿਖੇ ਆਪਣੇ ਮਾਮੇ ਸੰਤੋਖ ਸਿੰਘ ਕੋਲ ਰਹਿ ਰਿਹਾ ਸੀ। ਉਸ ਦੀ ਪਤਨੀ 7 ਮਹੀਨੇ ਦੀ ਗਰਭਵਤੀ ਸੀ।
ਗੁਆਂਢਣ ਰਵਿੰਦਰ ਕੌਰ ਅਤੇ ਉਸ ਦੀ ਸੱਸ ਜੋਗਿੰਦਰ ਕੌਰ ਉਨ੍ਹਾਂ ਦੇ ਘਰ ਆਈਆਂ। ਉਸ ਦੀ ਪਤਨੀ ਜਸਬੀਰ ਕੌਰ ਨੂੰ ਕੋਈ ਗੱਲ ਕਹਿ ਕੇ ਉਸ ਨੂੰ ਆਪਣੇ ਨਾਲ ਹੀ ਲੈ ਗਈਆਂ। ਸ਼ਾਮ ਨੂੰ ਪੰਜ ਵਜੇ ਤਕ ਵੀ ਜਦੋਂ ਜਸਬੀਰ ਕੌਰ ਘਰ ਨਹੀਂ ਪਰਤੀ ਤਾਂ ਉਹ ਗੁਆਂਢੀਆਂ ਦੇ ਘਰ ਗਏ। ਉਥੇ ਉਕਤ ਸਾਰੇ ਦੋਸ਼ੀ ਮੌਜੂਦ ਸਨ। ਪੁੱਛਣ’ ਤੇ ਉਨ੍ਹਾਂ ਨੇ ਜਵਾਬ ਦਿੱਤਾ ਕਿ ਜਸਬੀਰ ਕੌਰ ਦੁਪਹਿਰ ਤਿੰਨ ਵਜੇ ਹੀ ਆਪਣੇ ਘਰ ਚਲੀ ਗਈ ਸੀ।
ਉਸ ਦਾ ਪਤੀ ਪਿੰਡ ਦੇ ਸਰਪੰਚ ਅਤੇ ਹੋਰ ਵਿਅਕਤੀਆਂ ਨਾਲ ਮੁੜ ਗੁਆਂਢੀ ਦੇ ਘਰ ਪੁੱਛਗਿੱਛ ਕਰਨ ਲਈ ਗਏ ਤਾਂ ਉਨ੍ਹਾਂ ਦੇ ਘਰ ਵਿਚੋਂ ਬਦਬੂ ਆਈ। ਸ਼ੱਕ ਪੈਣ’ ਤੇ ਜਦੋਂ ਉਨ੍ਹਾਂ ਨੇ ਤਲਾਸ਼ੀ ਲਈ ਤਾਂ ਇਕ ਕਮਰੇ ’ਚ ਰੱਖੀ ਪੇਟੀ ਖੋਲ੍ਹੀ ਜਿਸ ’ਚ ਜਸਬੀਰ ਕੌਰ ਦੀ ਲਾਸ਼ ਖ਼ੂਨ ’ਚ ਲੱਥਪੱਥ ਪਈ ਹੋਈ ਸੀ। ਉਸ ਦਾ ਪੇਟ ਪਾੜ ਕੇ ਉਸ ’ਚੋਂ ਭਰੂਣ ਕੱਢ ਲਿਆ ਗਿਆ ਸੀ।
ਅਦਾਲਤ ਨੇ ਗਵਾਹਾਂ ਅਤੇ ਸਬੂਤਾਂ ਦੇ ਆਧਾਰ ’ਤੇ ਉਕਤ ਪੰਜ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਮਿਸਾਲੀ ਸਜ਼ਾ ਸੁਣਾਈ। ਇਸ ਮਾਮਲੇ ’ਚ ਇਕ ਮੁਲਜ਼ਮ ਨੀਤੂ ਭਗੌੜਾ ਕਰਾਰ ਹੈ ਜਦੋਂ ਕਿ ਜਸਬੀਰ ਕੌਰ ਨਿੱਕੀ ਨੂੰ ਬਰੀ ਕਰ ਦਿੱਤਾ ਗਿਆ।