ਨਿਊਜ਼ ਡੈਸਕ (ਰਿੰਪੀ ਸ਼ਰਮਾ) : ਰੂਸ-ਯੂਕਰੇਨ ਵਿਚਾਲੇ ਜੰਗ ਅੱਜ 12ਵੇਂ ਦਿਨ ਵੀ ਜਾਰੀ ਹੈ। ਰੂਸ ਯੂਕਰੇਨ 'ਤੇ ਲਗਾਤਾਰ ਆਪਣੇ ਹਮਲੇ ਤੇਜ਼ ਕਰ ਰਿਹਾ ਹੈ। ਹਮਲੇ 'ਚ ਹੁਣ ਤੱਕ ਯੂਕਰੇਨ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ, ਇਸ ਦੇ ਨਾਲ ਹੀ ਸੈਂਕੜੇ ਜਾਨਾਂ ਜਾ ਚੁੱਕੀਆਂ ਹਨ। ਇਸ ਦੇ ਨਾਲ ਹੀ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਂਸਕੀ ਵੀ ਰੂਸ ਦੇ ਸਾਹਮਣੇ ਹਾਰ ਮੰਨਣ ਨੂੰ ਤਿਆਰ ਨਹੀਂ ਹਨ।
ਰਾਸ਼ਟਰਪਤੀ ਦੇ ਸਲਾਹਕਾਰ ਓਲੇਕਸੀ ਏਰੇਸਟੋਵਿਚ ਨੇ ਦੱਸਿਆ ਕਿ ਕੀਵ ਦੇ ਬਾਹਰੀ ਇਲਾਕਿਆਂ ਵਿਚ ਉੱਤਰ ਵਿੱਚ ਚੇਰਨੀਹਿਵ, ਦੱਖਣ ਵਿੱਚ ਮਾਈਕੋਲਾਈਵ ਅਤੇ ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਗੋਲਾਬਾਰੀ ਕੀਤੀ ਗਈ। ਦੱਸ ਦਈਏ ਕਿ ਦੱਖਣੀ ਬੰਦਰਗਾਹ ਸ਼ਹਿਰ ਮਾਰੀਉਪੋਲ ਵਿੱਚ ਭੋਜਨ, ਪਾਣੀ, ਦਵਾਈ ਅਤੇ ਲਗਭਗ ਸਾਰੀਆਂ ਹੋਰ ਸਪਲਾਈਆਂ ਦੀ ਬਹੁਤ ਘਾਟ ਹੈ, ਜਿੱਥੇ ਰੂਸੀ ਅਤੇ ਯੂਕ੍ਰੇਨੀ ਬਲਾਂ ਨੇ ਨਾਗਰਿਕਾਂ ਅਤੇ ਜ਼ਖਮੀਆਂ ਨੂੰ ਕੱਢਣ ਲਈ 11 ਘੰਟੇ ਦੀ ਜੰਗਬੰਦੀ ਲਈ ਸਹਿਮਤੀ ਦਿੱਤੀ ਸੀ।
Netflix ਨੇ ਰੂਸ ਵਿੱਚ ਆਪਣੀਆਂ ਸੇਵਾਵਾਂ ਕੀਤੀਆਂ ਬੰਦ
ਯੂਕਰੇਨ 'ਤੇ ਹੋਏ ਹਮਲਿਆਂ ਦੇ ਵਿਰੋਧ 'ਚ Netflix ਵੀ ਸਾਹਮਣੇ ਆਇਆ ਹੈ। Netflix ਨੇ ਰੂਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਹੈ। Netflix ਨੇ ਕਿਹਾ ਹੈ ਕਿ ਉਹ ਰੂਸ ਵਿੱਚ ਆਪਣੀਆਂ ਸੇਵਾਵਾਂ ਨੂੰ ਮੁਅੱਤਲ ਕਰ ਰਿਹਾ ਹੈ ਅਤੇ ਇਸ ਫ਼ੈਸਲੇ ਵਿੱਚ ਉਹ ਪੱਛਮੀ ਦੇਸ਼ਾਂ ਦੀਆਂ ਕੰਪਨੀਆਂ ਦੇ ਨਾਲ ਹੈ।