by jaskamal
ਨਿਊਜ਼ ਡੈਸਕ : ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਦੇ ਮਾਨਸਰ ਨਜ਼ਦੀਰ ਸਵੇਰੇ ਇਕ ਸੜਕ ਹਾਦਸੇ ’ਚ ਇਕੋ ਪਰਿਵਾਰ ਦੇ 5 ਮੈਂਬਰਾਂ ਦੀ ਮੌਤ ਹੋ ਗਈ ਤੇ ਇਕ ਜ਼ਖਮੀ ਹੋ ਗਿਆ। ਸਾਂਬਾ ਦੇ ਸਟੇਸ਼ਨ ਹਾਊਸ ਅਫਸਰ (ਐੱਸਐੱਚਓ), ਦੀਪਕ ਜਸਰੋਟੀਆ ਨੇ ਦੱਸਿਆ ਕਿ ਪਰਿਵਾਰ ਪੰਜਾਬ ਦੇ ਅੰਮ੍ਰਿਤਸਰ ਤੋਂ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਲਈ ਜਾ ਰਿਹਾ ਸੀ। ਮਾਨਸਰ ’ਚ ਜਮੋਦਾ ਨੇੜੇ ਅਚਾਨਕ ਕਾਰ ਡਰਾਈਵਰ ਦੇ ਕਾਬੂ ਹੇਠ ਨਾ ਰਹੀ, ਜਿਸ ਕਾਰਨ ਕਾਰ 200 ਫੁੱਟ ਡੂੰਘੀ ਖੱਡ ’ਚ ਡਿੱਗ ਗਈ। ਕਾਰ ਦੇ ਖੱਡ ’ਚ ਡਿੱਗ ਜਾਣ ਨਾਲ 5 ਲੋਕਾਂ ਦੀ ਮੌਤ ਹੋ ਗਈ।
ਅਧਿਕਾਰੀਆਂ ਨੇ ਦੱਸਿਆ ਕਿ ਕਾਰ ’ਚ 6 ਲੋਕ ਸਵਾਰ ਸਨ। ਉਨ੍ਹਾਂ ਨੇ ਕਿਹਾ ਕਿ ਬਚਾਅ ਕਰਮੀਆਂ ਨੇ 5 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ, ਜਦਕਿ ਇਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮ੍ਰਿਤਕਾਂ ਦੀ ਪਛਾਣ ਗੁਲਜ਼ਾਰ ਅਹਿਮਦ ਭੱਟ, ਉਸ ਦੀ ਪਤਨੀ ਜ਼ਾਰਾ ਬੇਗਮ, ਉਨ੍ਹਾਂ ਦੇ ਪੁੱਤਰ ਮੁਹੰਮਦ ਤੇ ਇਕਬਾਲ ਤੇ ਧੀ ਮਸਰਤ ਵਜੋਂ ਹੋਈ ਹੈ।