ਨਿਊਜ਼ ਡੈਸਕ (ਰਿੰਪੀ ਸ਼ਰਮਾ) : ਲੁਧਿਆਣਾ ਦੇ ਪਿੰਡ ਈਸੇਵਾਲ 'ਚ 3 ਸਾਲ ਪਹਿਲਾਂ ਕੁਝ ਨੌਜਵਾਨਾਂ ਵੱਲੋਂ ਕਾਰ ਨੂੰ ਘੇਰ ਕੇ ਉਸ ਵਿਚ ਸਵਾਰ ਕੁੜੀ ਨਾਲ ਗੈਂਗਰੇਪ ਕੀਤਾ ਗਿਆ ਸੀ। ਇਸ ਤੋਂ ਬਾਅਦ ਕੁੜੀ ਨੂੰ ਛੱਡਣ ਬਦਲੇ ਇਕ ਲੱਖ ਰੁਪਏ ਦੀ ਫਿਰੌਤੀ ਮੰਗੀ। ਇਸ ਮਾਮਲੇ ਦਾ ਖੁਲਾਸਾ ਹੋਣ 'ਤੇ ਥਾਣਾ ਦਾਖਾ ਵਿਖੇ ਅਗਲੇ ਦਿਨ ਦੋਸ਼ੀ 'ਤੇ ਮੁਕੱਦਮਾ ਦਰਜ ਕਰ ਕੇ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਸ ਤੋਂ ਬਾਅਦ ਅਦਾਲਤ ਨੇ 5 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਅਤੇ ਇਕ ਲੱਖ ਰੁਪਏ ਜੁਰਮਾਨਾ ਲਗਾਇਆ ਹੈ ਜਦਕਿ ਇਕ ਨਾਬਾਲਗ ਮੁਲਜ਼ਮ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਵਿਸ਼ੇਸ਼ ਫਾਸਟ ਟਰੈਕ ਅਦਾਲਤ ਦੀ ਜੱਜ ਰਸ਼ਮੀ ਸ਼ਰਮਾ ਨੇ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ਼ ਅਲੀ, ਸੁਰਮੂ, ਅਜੈ ਉਰਫ਼ ਲੱਲਣ ਤੇ ਇੱਕ ਨਾਬਾਲਗ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ।
ਜਾਣਕਾਰੀ ਅਨੁਸਾਰ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਰੇਪ ਦੇ ਦੋਸ਼ੀਆਂ ਨੂੰ ਲੁਧਿਆਣਾ ਦੇ ਅਡੀਸ਼ਨਲ ਸੈਸ਼ਨ ਜੱਜ ਰਸ਼ਮੀ ਸ਼ਰਮਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸਣਯੋਗ ਹੈ ਕਿ 2019 ਵਿਚ ਵਾਪਰੇ ਇਸ ਦਿਲ ਦਹਿਲਾਉਣ ਵਾਲੇ ਕਾਂਡ ਵਿਚ ਅਦਾਲਤ ਨੇ ਬੀਤੇ ਦਿਨੀਂ 6 ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਇਸ ਮਾਮਲੇ ਵਿਚ ਫ਼ੈਸਲਾ ਸੁਣਾਉਂਦੇ ਹੋਏ 5 ਦੋਸ਼ੀਆਂ ਨੂੰ ਉਮਰ ਕੈਦ ਜਦਕਿ ਇਕ ਨਾਬਾਲਗ ਮੁਲਜ਼ਮ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ।