ਨਿਊਜ਼ ਡੈਸਕ : ਯੂਕਰੇਨ ਦੀ ਰਾਜਧਾਨੀ ਕੀਵ 'ਚ ਇਕ ਭਾਰਤੀ ਵਿਦਿਆਰਥੀ ਨੂੰ ਗੋਲੀ ਲੱਗਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਸ ਦੀ ਪਛਾਣ ਤੁਰੰਤ ਨਹੀਂ ਹੋ ਸਕੀ ਹੈ। ਇਕ ਨਿੱਜੀ ਨਿਊਜ਼ ਏਜੰਸੀ ਨੇ ਇਸ ਖਬਰ ਦਾ ਖੁਲਾਸਾ ਕੀਤਾ ਹੈ। ਖਬਰ ਮੁਤਾਬਿਕ ਨਾਗਰਿਕ ਹਵਾਬਾਜ਼ੀ ਰਾਜ ਮੰਤਰੀ (MoS) ਜਨਰਲ ਵੀਕੇ ਸਿੰਘ ਨੇ ਵੀਰਵਾਰ ਨੂੰ ਪੋਲੈਂਡ ਦੇ ਰਜ਼ੇਜ਼ੋ ਹਵਾਈ ਅੱਡੇ 'ਤੇ ਜਾਣਕਾਰੀ ਦਾ ਖੁਲਾਸਾ ਕੀਤਾ।
ਜਨਰਲ ਸਿੰਘ ਨੇ ਕਿਹਾ, "ਭਾਰਤੀ ਦੂਤਾਵਾਸ ਨੇ ਪਹਿਲਾਂ ਪਹਿਲ ਦੇ ਆਧਾਰ 'ਤੇ ਸਾਫ਼ ਕੀਤਾ ਸੀ ਕਿ ਸਾਰਿਆਂ ਨੂੰ ਕੀਵ ਛੱਡਣਾ ਚਾਹੀਦਾ ਹੈ। ਜੰਗ ਦੀ ਸਥਿਤੀ 'ਚ, ਬੰਦੂਕ ਦੀ ਗੋਲੀ ਕਿਸੇ ਦੇ ਧਰਮ ਅਤੇ ਕੌਮੀਅਤ ਨੂੰ ਨਹੀਂ ਵੇਖਦੀ।"
ਇਸ ਤੋਂ ਪਹਿਲਾਂ ਇਕ ਘਟਨਾ 'ਚ ਖਾਰਕਿਵ ਵਿਖੇ ਗੋਲਾਬਾਰੀ 'ਚ ਇਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਸੀ। ਨਵੀਨ ਸ਼ੇਖਰੱਪਾ ਗਿਆਨਗੌਦਰ, ਖਾਰਕੀਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦੇ ਚੌਥੇ ਸਾਲ ਦੇ ਐੱਮਬੀਬੀਐੱਸ ਦੇ ਵਿਦਿਆਰਥੀ ਨੂੰ ਇਕ ਰੂਸੀ ਰਾਕੇਟ ਨੇ ਮਾਰਿਆ, ਜਦੋਂ ਉਹ ਖਾਣਾ ਖਰੀਦਣ ਲਈ ਬਾਹਰ ਨਿਕਲਿਆ ਸੀ।