ਨਿਊਜ਼ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਕਰੇਨ 'ਚ ਫਸੇ ਸੈਂਕੜੇ ਭਾਰਤੀਆਂ ਨੂੰ ਬਚਾਉਣ ਲਈ ਵੱਡਾ ਕਦਮ ਚੁੱਕਿਆ ਹੈ। ਸੂਤਰਾਂ ਤੋਂ ਪ੍ਰਾਪਤ ਖ਼ਬਰਾਂ ਅਨੁਸਾਰ ਉਸ ਨੇ ਹੁਣ 'ਅਪ੍ਰੇਸ਼ਨ ਗੰਗਾ' ਤਹਿਤ ਯੂਕਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਦੀ ਜ਼ਿੰਮੇਵਾਰੀ ਹਵਾਈ ਸੈਨਾ ਨੂੰ ਸੌਂਪ ਦਿੱਤੀ ਹੈ। ਸੀ-17 ਹਵਾਈ ਸੈਨਾ ਦਾ ਸਭ ਤੋਂ ਵੱਡਾ ਜਹਾਜ਼ ਹੈ। ਇਸ ਨਾਲ ਘੱਟ ਸਮੇਂ 'ਚ ਯੂਕਰੇਨ ਤੋਂ ਜ਼ਿਆਦਾ ਭਾਰਤੀਆਂ ਨੂੰ ਕੱਢਣ 'ਚ ਮਦਦ ਮਿਲੇਗੀ। ਯੂਕਰੇਨ 'ਤੇ ਰੂਸ ਦਾ ਹਮਲਾ ਛੇਵੇਂ ਦਿਨ ਵੀ ਜਾਰੀ ਹੈ ਅਤੇ ਉੱਥੇ ਫਸੇ ਕਈ ਭਾਰਤੀ ਬੰਕਰਾਂ 'ਚ ਰਹਿ ਰਹੇ ਹਨ, ਜਿਨ੍ਹਾਂ ਕੋਲ ਹੁਣ ਖਾਣ-ਪੀਣ ਦਾ ਵੀ ਸਾਧਨ ਨਹੀਂ ਹੈ।
ਏਐਨਆਈ ਨੇ ਸੂਤਰਾਂ ਤੋਂ ਮਿਲੀ ਖ਼ਬਰ ਦੇ ਆਧਾਰ 'ਤੇ ਦੱਸਿਆ ਹੈ ਕਿ PM ਮੋਦੀ ਨੇ ਇਸ ਦੇ ਲਈ ਭਾਰਤੀ ਸੈਨਾ ਨੂੰ ਆਦੇਸ਼ ਦਿੱਤਾ ਹੈ। ਹੁਣ ਤੱਕ ਯੂਕਰੇਨ ਵਿੱਚ ਫਸੇ ਇੱਕ ਹਜ਼ਾਰ ਦੇ ਕਰੀਬ ਭਾਰਤੀਆਂ ਨੂੰ ਪੋਲੈਂਡ, ਹੰਗਰੀ, ਰੋਮਾਨੀਆ ਰਾਹੀਂ ਲਿਆਂਦਾ ਜਾ ਚੁੱਕਾ ਹੈ ਪਰ ਅਜੇ ਵੀ ਹਜ਼ਾਰਾਂ ਭਾਰਤੀ ਉੱਥੇ ਫਸੇ ਹੋਏ ਹਨ। ਯੂਕਰੇਨ ਵਿੱਚ 20 ਹਜ਼ਾਰ ਤੋਂ ਵੱਧ ਭਾਰਤੀ ਰਹਿੰਦੇ ਹਨ। ਸੂਤਰਾਂ ਮੁਤਾਬਕ ਭਾਰਤੀ ਹਵਾਈ ਸੈਨਾ ਦੇ ਕਈ ਸੀ-17 ਜਹਾਜ਼ ਅੱਜ ਆਪਰੇਸ਼ਨ ਗੰਗਾ ਤਹਿਤ ਉਡਾਣ ਭਰਨਾ ਸ਼ੁਰੂ ਕਰ ਸਕਦੇ ਹਨ।