ਨਿਊਜ਼ ਡੈਸਕ : ਯੂਕਰੇਨ 'ਤੇ ਹਮਲੇ ਦੇ ਬਾਅਦ ਤੋਂ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਰੂਸ, ਉਸ ਦੇ ਅਧਿਕਾਰੀਆਂ, ਕਾਰੋਬਾਰੀਆਂ, ਬੈਂਕ ਤੇ ਪੂਰੇ ਆਰਥਿਕ ਖੇਤਰ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ। ਹੁਣ ਇਸ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੱਡਾ ਬਿਆਨ ਦਿੱਤਾ ਹੈ। ਬਾਈਡੇਨ ਨੇ ਕਿਹਾ ਕਿ ਯੂਕਰੇਨ ਨੂੰ ਲੈ ਕੇ ਰੂਸ 'ਤੇ ਲਗਾਈਆਂ ਜਾ ਰਹੀਆਂ ਪਾਬੰਦੀਆਂ ਦੇ ਇਲਾਵਾ ਇਕੋ-ਇਕ ਰਸਤਾ 'ਤੀਜੇ ਵਿਸ਼ਵ ਯੁੱਧ' ਦੀ ਸ਼ੁਰੂਆਤ ਹੋਵੇਗੀ।
ਬਾਈਡੇਨ ਨੇ ਇਕ ਇੰਟਰਿਵਿਊ 'ਚ ਕਿਹਾ ਇਕ ਵਿਕਲਪ ਹੈ ਕਿ ਰੂਸ ਨਾਲ ਯੁੱਧ ਲੜਿਆ ਜਾਵੇ ਅਤੇ ਤੀਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ ਜਾਵੇ ਜਾਂ ਦੂਜਾ ਵਿਕਲਪ ਹੈ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਜਿਹੜੇ ਦੇਸ਼ ਅੰਤਰਰਾਸ਼ਟਰੀ ਕਾਨੂੰਨ ਦੇ ਉਲਟ ਕੰਮ ਕਰਨ ਉਨ੍ਹਾਂ ਨੂੰ ਅਜਿਹਾ ਕਰਨ ਲਈ ਇਕ ਕੀਮਤ ਚੁਕਾਉਣੀ ਪਵੇ। ਯੂਕਰੇਨ 'ਤੇ ਹਮਲੇ ਤੋਂ ਬਾਅਦ ਅਮਰੀਕਾ, ਬ੍ਰਿਟੇਨ ਤੇ ਯੂਰਪੀ ਸੰਘ ਨੇ ਰੂਸ 'ਤੇ ਹਰ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ।