ਨਿਊਜ਼ ਡੈਸਕ : ਯੂਕਰੇਨ ਤੇ ਰੂਸ ਵਿਚਾਲੇ ਚੱਲ ਰਹੀ ਜੰਗ 'ਚ ਇਕ ਫੌਜੀ ਨੇ ਦਲੇਰੀ ਦੀ ਮਿਸਾਲ ਕਾਇਮ ਕੀਤੀ ਹੈ। ਦੁਸ਼ਮਣ ਦੇ ਟੈਂਕਾਂ ਨੂੰ ਆਪਣੇ ਦੇਸ਼ 'ਤੇ ਹਮਲਾ ਕਰਨ ਤੋਂ ਰੋਕਣ ਲਈ, ਇਸ ਯੂਕਰੇਨੀ ਸਿਪਾਹੀ ਨੇ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਨੂੰ ਯੂਕਰੇਨ ਨਾਲ ਜੋੜਨ ਵਾਲੇ ਪੁਲ ਦੇ ਨਾਲ-ਨਾਲ ਖੁਦ ਨੂੰ ਵੀ ਉਡਾ ਲਿਆ। ਯੂਕਰੇਨੀ ਫੌਜ ਦੇ ਅਨੁਸਾਰ, ਜਦੋਂ ਰੂਸੀ ਟੈਂਕਾਂ ਨੇ ਹਮਲਾ ਕੀਤਾ, ਸਮੁੰਦਰੀ ਬਟਾਲੀਅਨ ਇੰਜੀਨੀਅਰ ਵਿਟਾਲੀ ਸਕਾਕੁਨ ਵੋਲੋਡੀਮੇਰੋਵਿਚ ਦੱਖਣੀ ਸੂਬੇ ਖੇਰਸਨ ਦੇ ਹੇਨੀਚੇਸਕ ਪੁਲ 'ਤੇ ਤਾਇਨਾਤ ਸੀ।
ਯੂਕਰੇਨ ਦੀ ਫੌਜ ਦੁਆਰਾ ਜਾਰੀ ਕੀਤੇ ਗਏ ਇਕ ਬਿਆਨ 'ਚ ਕਿਹਾ ਗਿਆ ਹੈ ਕਿ ਹਮਲੇ ਦੇ ਸਮੇਂ, ਫੌਜ ਨੇ ਫੈਸਲਾ ਕੀਤਾ ਕਿ ਰੂਸੀ ਟੈਂਕਾਂ ਨੂੰ ਰੋਕਣ ਦਾ ਇਕੋ-ਇਕ ਤਰੀਕਾ ਪੁਲ ਨੂੰ ਉਡਾ ਦੇਣਾ ਹੋਵੇਗਾ ਤੇ ਵੋਲੋਡੀਮਾਰੋਵਿਚ ਨੇ ਆਪਣੀ ਇੱਛਾ ਅਨੁਸਾਰ ਇਸ ਕੰਮ ਨੂੰ ਪੂਰਾ ਕਰਨ ਦਾ ਫੈਸਲਾ ਕੀਤਾ। ਹਾਲਾਂਕਿ, ਉਸਨੇ ਮਹਿਸੂਸ ਕੀਤਾ ਕਿ ਉਹ ਸੁਰੱਖਿਅਤ ਵਾਪਸ ਨਹੀਂ ਆ ਸਕੇਗਾ ਅਤੇ ਧਮਾਕੇ ਵਿੱਚ ਸ਼ਹੀਦ ਹੋ ਗਿਆ। ਵਿਟਾਲੀ ਸਕਾਕੁਨ ਦੀ ਇਸ ਸ਼ਹਾਦਤ ਕਾਰਨ ਰੂਸੀ ਫੌਜ ਨੂੰ ਲੰਮਾ ਰਸਤਾ ਅਖਤਿਆਰ ਕਰਨਾ ਪਿਆ। ਇਸ ਨਾਲ ਯੂਕਰੇਨ ਦੀ ਫੌਜ ਨੂੰ ਜਵਾਬ ਦੇਣ ਲਈ ਹੋਰ ਸਮਾਂ ਮਿਲਿਆ।