by jaskamal
ਨਿਊਜ਼ ਡੈਸਕ : ਰੂਸ ਤੇ ਯੂਕਰੇਨ ਵਿਚਕਾਰ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਸੋਮਵਾਰ ਨੂੰ ਪੁਤਿਨ ਨੇ ਯੂਕਰੇਨ ਦੇ ਬਾਗੀ ਇਲਾਕਿਆਂ ਡੋਨੇਟਸਕ ਤੇ ਲੁਹਾਨਸਕ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ, ਜਿਸ ਨੇ ਰਾਤੋ-ਰਾਤ ਪੂਰੀ ਦੁਨੀਆ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਤੁਰੰਤ ਬਾਅਦ ਪੁਤਿਨ ਨੇ ਦੋਵਾਂ ਖੇਤਰਾਂ 'ਚ ਫ਼ੌਜਾਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਹੁਣ ਰੂਸ ਇਸ ਕਦਮ ਰਾਹੀਂ ਯੂਕਰੇਨ 'ਤੇ ਹਮਲਾ ਕਰਨ ਲਈ ਤਿਆਰ ਹੈ। ਯੂਕਰੇਨ ਵਿਚ ਰੂਸੀ ਫੌ਼ਜੀਆਂ ਤੋਂ ਇਲਾਵਾ ਤੋਪ ਅਤੇ ਟੈਂਕਾਂ ਦੀ ਤਾਇਨਾਤੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ।
ਪੁਤਿਨ ਨੇ ਰਾਸ਼ਟਰਪਤੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਤੋਂ ਬਾਅਦ ਫ਼ੌਜੀਆਂ ਦੀ ਤਾਇਨਾਤੀ ਦਾ ਐਲਾਨ ਕੀਤਾ। ਇਸ ਨਾਲ ਰੂਸ ਲਈ ਮਾਸਕੋ ਸਮਰਥਿਤ ਵਿਦਰੋਹੀਆਂ ਤੇ ਯੂਕਰੇਨੀ ਬਲਾਂ ਵਿਚਾਲੇ ਸੰਘਰਸ਼ ਲਈ ਖੁੱਲ੍ਹੇਆਮ ਬਲ ਤੇ ਹਥਿਆਰ ਭੇਜਣ ਦਾ ਰਸਤਾ ਸਾਫ ਹੋ ਗਿਆ ਹੈ। ਇਸ ਸਮੇਂ ਰੂਸ ਦੇ ਯੂਕਰੇਨ ਨਾਲ ਲੱਗਦੀ ਸਰਹੱਦ 'ਤੇ 1,90,000 ਸੈਨਿਕ ਤਾਇਨਾਤ ਹਨ।