ਨਿਊਜ਼ ਡੈਸਕ (ਜਸਕਮਲ) : ਮਲੇਸ਼ੀਆ ਦੀ ਇਕ ਮਹਿਲਾ ਮੰਤਰੀ ਨੇ ਔਰਤਾਂ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ ਕਿ ਜਿਸ ਕਾਰਨ ਉਕਤ ਮੰਤਰੀ ਦੀ ਚਾਰ-ਚੁਫੇਰੇ ਨਿੰਦਾ ਹੋ ਰਹੀ ਹੈ। ਦਰਅਸਲ, ਮਹਿਲਾ ਮੰਤਰੀ ਨੇ ਪਤੀਆਂ ਨੂੰ ਸਲਾਹ ਦਿੱਤੀ ਸੀ ਕਿ ਉਹ ਵਿਗੜੀਆਂ ਪਤਨੀਆਂ ਨੂੰ ਗ਼ਲਤ ਵਤੀਰਾ ਕਰਨ 'ਤੇ ਉਨ੍ਹਾਂ ਦੀ ਕੁੱਟਮਾਰ ਕਰਨ। ਇਕ ਨਿੱਜੀ ਨਿਊਜ਼ ਚੈਨਲ ਦੀ ਖ਼ਬਰ ਮੁਤਾਬਕ ਸਿਤੀ ਜ਼ੈਲਾ ਮੁਹੰਮਦ ਯੂਸਫ ਪੈਨ-ਮਲੇਸ਼ੀਅਨ ਇਸਲਾਮਿਕ ਪਾਰਟੀ ਤੋਂ ਸੰਸਦ ਦੀ ਮੈਂਬਰ ਹੈ। ਉਕਤ ਮਹਿਲਾ ਮੰਤਰੀ 'ਤੇ ਘਰੇਲੂ ਹਿੰਸਾ ਨੂੰ ਆਮ ਬਣਾਉਣ ਦਾ ਦੋਸ਼ ਹੈ। ਲੋਕਾਂ ਨੇ ਕਿਹਾ ਹੈ ਕਿ ਉਹ ਮਰਦਾਂ ਨੂੰ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨ ਲਈ ਕਹਿ ਕੇ ਘਰੇਲੂ ਹਿੰਸਾ ਨੂੰ ਉਤਸ਼ਾਹਿਤ ਕਰ ਰਹੀ ਹੈ।
ਇੰਸਟਾਗ੍ਰਾਮ 'ਤੇ 2 ਮਿੰਟ ਦੀ ਵੀਡੀਓ ਪੋਸਟ ਕੀਤੀ ਗਈ ਹੈ, ਜਿਸ ਨੂੰ 'ਮੈਨ ਟਿਪਸ' ਦਾ ਨਾਂ ਦਿੱਤਾ ਗਿਆ ਹੈ। ਇਸ ਵੀਡੀਓ ਵਿਚ ਉਪ ਮੰਤਰੀ ਨੇ ਸਭ ਤੋਂ ਪਹਿਲਾਂ ਪਤੀਆਂ ਨੂੰ ਸਲਾਹ ਦਿੱਤੀ ਕਿ ਉਹ ਆਪਣੀਆਂ ਜ਼ਿੱਦੀ ਪਤਨੀਆਂ ਨਾਲ ਗੱਲ ਕਰਨਾ ਤੇ ਉਨ੍ਹਾਂ ਨੂੰ ਅਨੁਸ਼ਾਸਨ ਸਿਖਾਉਣ। ਜੇਕਰ ਉਨ੍ਹਾਂ ਦੀਆਂ ਪਤਨੀਆਂ ਨੇ ਫਿਰ ਵੀ ਆਪਣਾ ਵਿਵਹਾਰ ਨਹੀਂ ਬਦਲਿਆ ਤਾਂ ਪਤੀ ਤਿੰਨ ਦਿਨ ਉਨ੍ਹਾਂ ਨਾਲ ਨਾ ਸੌਣ। ਜੇਕਰ ਉਹ ਫਿਰ ਵੀ ਨਹੀਂ ਸੁਧਰਦੀ ਤਾਂ ਪਤੀ ਨੂੰ ਸਖ਼ਤੀ ਦਿਖਾਉਣੀ ਚਾਹੀਦੀ ਹੈ। ਉਹ ਆਪਣੀਆਂ ਪਤਨੀਆਂ ਦੀ ਕੁੱਟਮਾਰ ਕਰਨ ਪਰ ਇਹ ਬਹੁਤ ਕਠੋਰ ਨਾ ਹੋਵੇ, ਤਾਂ ਕਿ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਉਨ੍ਹਾਂ ਦੇ ਪਤੀ ਕਿੰਨੇ ਸਖ਼ਤ ਹਨ ਤੇ ਕੀ ਬਦਲਾਅ ਚਾਹੁੰਦੇ ਹਨ।
ਇਨ੍ਹਾਂ ਬਿਆਨਾਂ ਲਈ ਮਲੇਸ਼ੀਆ ਦੀ ਮੰਤਰੀ ਦੀ ਹਰ ਪਾਸਿਓਂ ਨਿੰਦਾ ਹੋ ਰਹੀ ਹੈ ਤੇ ਕਈ ਸੰਗਠਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਹੁਣ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।