ਨਿਊਜ਼ ਡੈਸਕ (ਰਿੰਪੀ ਸ਼ਰਮਾ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਕ ਵਾਰ ਫਿਰ ਤਿੰਨ ਖੇਤੀ ਕਾਨੂੰਨਾਂ ਦੇ ਪੱਖ 'ਚ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਪੰਜ ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ ਇਕ ਇੰਟਰਵਿਊ 'ਚ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਦੇ ਫਾਇਦੇ ਲਈ ਤਿੰਨੋਂ ਖੇਤੀ ਕਾਨੂੰਨ ਲਿਆਂਦੇ ਸਨ ਪਰ ਦੇਸ਼ ਹਿੱਤ 'ਚ ਇਹ ਵਾਪਸ ਲਏ ਗਏ। ਪੀਐੱਮ ਮੋਦੀ ਨੇ ਕਿਹਾ ਕਿ “ਮੈਂ ਦੇਸ਼ ਭਰ ਦੇ ਕਿਸਾਨਾਂ ਦਾ ਦਿਲ ਜਿੱਤ ਲਿਆ ਹੈ ਤੇ ਉਨ੍ਹਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਹੈ।” ਇਹ ਪੁੱਛੇ ਜਾਣ 'ਤੇ ਕਿ ਕੀ ਸਰਕਾਰ ਖੇਤੀ ਬਿੱਲਾਂ 'ਤੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ, ਪੀਐਮ ਮੋਦੀ ਨੇ ਕਿਹਾ ਕਿ ਗੱਲਬਾਤ ਅਤੇ ਚਰਚਾ ਲੋਕਤੰਤਰ ਦਾ ਆਧਾਰ ਹੈ।ਲੋਕਤੰਤਰ 'ਚ ਦੇਸ਼ ਦੇ ਲੋਕਾਂ ਨਾਲ ਗੱਲਬਾਤ ਕਰਨਾ ਜਨਤਕ ਨੁਮਾਇੰਦਿਆਂ ਦਾ ਮੁੱਢਲਾ ਫਰਜ਼ ਹੈ। ਸਾਡੀ ਸਰਕਾਰ ਹਮੇਸ਼ਾ ਇਨ੍ਹਾਂ ਵਿਚਾਰ-ਵਟਾਂਦਰੇ 'ਚ ਸ਼ਾਮਲ ਰਹੀ ਹੈ ਤੇ ਅਸੀਂ ਇਨ੍ਹਾਂ ਨੂੰ ਰੋਕਣ ਦੇ ਹੱਕ 'ਚ ਨਹੀਂ ਹਾਂ।"
ਫਿਰੋਜ਼ਪੁਰ ਦੀ ਘਟਨਾ 'ਤੇ ਇਹ ਕਿਹਾ-
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਆਖਿਰੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਰੈਲੀ ਦੀ ਘਟਨਾ 'ਤੇ ਕਿਹਾ ਕਿ ਉਨ੍ਹਾਂ ਦੇ ਕਿਸੇ ਵੀ ਬਿਆਨ ਦੇ ਨਾਲ ਜਾਂਚ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਉਹ ਕੁਝ ਬੋਲਣਾ ਨਹੀਂ ਚਾਹੁੰਦੇ। ਸੁਪਰੀਮ ਕੋਰਟ ਦੀ ਜਾਂਚ ਕਮੇਟੀ ਸੱਚ ਸਾਹਮਣੇ ਲੈ ਕੇ ਆਵੇਗੀ।
ED ਦੀਆਂ ਰੇਡਾਂ ਪ੍ਰਸ਼ਾਸਨਿਕ ਕਾਰਵਾਈ : ਪ੍ਰਧਾਨ ਮੰਤਰੀ
ਪੰਜਾਬ 'ਚ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਰੇਡ ਨੂੰ ਲੈ ਕੇ ਉੱਠ ਰਹੇ ਸਵਾਲਾਂ 'ਤੇ ਪੀਐੱਮ ਨੇ ਕਿਹਾ ਕਿ ਇਹ ਇੱਕ ਪ੍ਰਸ਼ਾਸਨਿਕ ਕਾਰਵਾਈ ਹੈ। ਕਦੇ ਵੀ ਚੋਣਾਂ ਦੌਰਾਨ ਰੇਡਾਂ ਨਹੀਂ ਹੁੰਦੀਆਂ ਬਲਕਿ ਰੇਡ ਵਿਚਾਲੇ ਅਕਸਰ ਚੋਣਾਂ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ, ਦੇਸ਼ 'ਚ ਅਕਸਰ ਚੋਣਾਂ ਹੁੰਦੀਆਂ ਹੀ ਰਹਿੰਦੀਆਂ ਹਨ। ਇਸਦਾ ਮਤਲਬ ਇਹ ਨਹੀਂ ਕਿ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਜਾਣ।