ਟਰੋਂਟੋ (ਦੇਵ ਇੰਦਰਜੀਤ) : ਸਟੈਟੇਸਟਿਕਸ ਕੈਨੇਡਾ ਦਾ ਕਹਿਣਾ ਹੈ ਕਿ ਕੋਵਿਡ-19 ਮਹਾਂਮਾਰੀ ਸਬੰਧੀ ਲਾਈਆਂ ਗਈਆਂ ਪਬਲਿਕ ਹੈਲਥ ਪਾਬੰਦੀਆਂ ਦੇ ਹੌਲੀ ਹੌਲੀ ਹਟਾਏ ਜਾਣ ਨਾਲ ਜੁਲਾਈ ਦੇ ਮਹੀਨੇ ਦੇਸ਼ ਵਿੱਚ 94000 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਪਰ ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਅਜੇ ਵੀ ਪੂਰੀ ਰਿਕਵਰੀ ਹੋਣ ਵਿੱਚ ਕਾਫੀ ਸਮਾਂ ਲੱਗੇਗਾ।
ਫੈਡਰਲ ਏਜੰਸੀ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਇਸ ਸਾਲ ਮਾਰਚ ਦੇ ਮੁਕਾਬਲੇ ਜੁਲਾਈ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਨਾਲ ਬੇਰੋਜ਼ਗਾਰੀ ਦਰ ਸੱਭ ਤੋਂ ਹੇਠਲੇ ਪੱਧਰ ਉੱਤੇ ਆ ਗਈ ਹੈ। ਜੂਨ ਵਿੱਚ ਬੇਰੋਜ਼ਗਾਰੀ ਦਰ 7·8 ਫੀ ਸਦੀ ਸੀ ਤੇ ਜੁਲਾਈ ਵਿੱਚ ਇਹ 7·5 ਫੀ ਸਦੀ ਉੱਤੇ ਆ ਗਈ।ਅਕਮੋਡੇਸ਼ਨ ਤੇ ਫੂਡ ਇੰਡਸਟਰੀ ਵਿੱਚ 35000 ਨੌਕਰੀਆਂ ਦੇ ਮੌਕੇ ਮਿਲਣ ਨਾਲ ਓਨਟਾਰੀਓ ਤੇ ਸਰਵਿਸ ਸੈਕਟਰ ਵਿੱਚ ਸਥਿਤੀ ਵਿੱਚ ਇਸ ਪੱਖੋਂ ਕਾਫੀ ਸੁਧਾਰ ਆਇਆ।ਕਈ ਸੈਕਟਰਜ਼ ਵਿੱਚ ਫੁੱਲ ਟਾਈਮ ਵਰਕ ਵਿੱਚ ਹੀ 83000 ਰੋਜ਼ਗਾਰ ਦੇ ਮੌਕੇ ਪੈਦਾ ਹੋਏ ਤੇ ਇਸ ਨੇ ਵੀ ਬੇਰੋਜ਼ਗਾਰੀ ਦਰ ਘਟਾਉਣ ਵਿੱਚ ਵੱਡਾ ਯੋਗਦਾਨ ਪਾਇਆ।
ਬਹੁਤ ਸਾਰੇ ਅਰਥਸ਼ਾਸਤਰੀਆਂ ਨੂੰ ਆਸ ਸੀ ਕਿ ਜੁਲਾਈ ਦੇ ਮਹੀਨੇ ਘੱਟੋ ਘੱਟ 100,000 ਨੌਕਰੀਆਂ ਦੇ ਮੌਕੇ ਖੁੱਲ੍ਹਣਗੇ ਤੇ ਜੁਲਾਈ ਦੇ ਮਹੀਨੇ ਬੇਰੋਜ਼ਗਾਰੀ ਦਰ 7·4 ਫੀ ਸਦੀ ਉੱਤੇ ਆ ਜਾਵੇਗੀ।ਪਰ ਇਹ ਪੇਸ਼ੀਨਿਗੋਈਆਂ ਸਹੀ ਸਿੱਧ ਨਹੀਂ ਹੋਈਆਂ। ਇਸ ਉੱਤੇ ਸੀਆਈਬੀਸੀ ਦੇ ਸੀਨੀਅਰ ਅਰਥਸ਼ਾਸਤਰੀ ਰੌਇਸ ਮੈਂਡੇਸ ਨੇ ਆਖਿਆ ਕਿ ਇਹ ਸਿਰਫ ਰਿਕਵਰੀ ਦਾ ਸੰਕੇਤ ਹੈ ਪਰ ਇਹ ਮਿਸ਼ਨ ਪੂਰਾ ਹੋਣ ਦਾ ਸੰਕੇਤ ਨਹੀਂ ਹੈ।