ਪਟਿਆਲਾ/ ਮਾਨਸਾ (ਦੇਵ ਇੰਦਰਜੀਤ)- ਅੱਜ ਪਟਿਆਲਾ ਤੇ ਮਾਨਸਾ ਜ਼ਿਲ੍ਹਿਆਂ ਵਿੱਚ ਵੱਖ ਵੱਖ ਸੜਕ ਹਾਦਸਿਆਂ ਵਿੱਚ 9 ਵਿਅਕਤੀਆਂ ਦੀ ਮੌਤ ਹੋ ਗਈ ਤੇ ਦਰਜਨ ਤੋਂ ਵੱਧ ਜ਼ਖ਼ਮੀ ਹੋ ਗਏ। ਪਟਿਆਲ ਪਿਹੋਵਾ ਰੋਡ ’ਤੇ ਸਥਿਤ ਪਿੰਡ ਜਗਤਪੁਰਾ ਨੇੜੇ ਅੱਜ ਤੜਕੇ ਹਾਦਸੇ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 12 ਜ਼ਖ਼ਮੀ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਨੂੰ ਪੀਜੀਆਈ ਰੈਫਰ ਕੀਤਾ ਗਿਆ ਹੈ ਤੇ ਬਾਕੀ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਜ਼ੇਰੇ ਇਲਾਜ ਹਨ। ਇਹ ਹਾਦਸਾ ਟਰੈਕਟਰ ਟਰਾਲੀ ਅਤੇ ਸਕਾਰਪੀਓ ਦਰਮਿਆਨ ਹੋਇਆ। ਰੋੜੀ ਕੁੱਟ ਮੁਹੱਲੇ ਤੋਂ ਟਰੈਕਟਰ ਟਰਾਲੀ ਰਾਹੀਂ ਕਰੀਬ ਪੱਚੀ ਵਿਅਕਤੀ ਹਰਿਆਣਾ ਵਿੱਚ ਕਿਸੇ ਧਾਰਮਿਕ ਸਥਾਨ 'ਤੇ ਮੱਥਾ ਟੇਕਣ ਜਾ ਰਹੇ ਸਨ। ਇਸ ਦੌਰਾਨ ਹੀ ਅੱਜ ਤੜਕੇ ਤਿੰਨ ਵਜੇ ਦੇਵੀਗੜ੍ਹ ਰੋਡ 'ਤੇ ਪਿੰਡ ਜਗਤਪੁਰਾ ਦੇ ਨੇੜੇ ਉਨ੍ਹਾਂ ਦੀ ਟਰੈਕਟਰ ਟਰਾਲੀ ਅਤੇ ਸਕਾਰਪੀਓ ਦੌਰਾਨ ਟੱਕਰ ਹੋ ਗਈ, ਜਿਸ ਦੌਰਾਨ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ ਬਾਰਾਂ ਜਣੇ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚੋਂ ਤਿੰਨ ਜਣੇ ਟਰਾਲੀ ਵਿਚ ਸਵਾਰ ਸਨ, ਜਿਨ੍ਹਾਂ ਵਿੱਚੋਂ 30 ਸਾਲਾ ਸੋਨੂੰ, 33 ਸਾਲਾ ਨਿੱਕਾ ਅਤੇ 12 ਸਾਲਾ ਰੋਹਿਤ ਦੇ ਨਾਂ ਸ਼ਾਮਲ ਹਨ, ਜਦ ਕਿ ਦੋ ਸਕਾਰਪੀਓ ਸਵਾਰਾ ਦੀ ਵੀ ਮੌਤ ਹੋ ਗਈ। ਜਿਨ੍ਹਾਂ ਵਿੱਚੋਂ 25 ਸਾਲਾ ਗੁਰਪ੍ਰੀਤ ਸਿੰਘ ਅਤੇ 26 ਸਾਲਾ ਕਰਮਜੀਤ ਸਿੰਘ ਵਾਸੀ ਸ੍ਰੀ ਮੁਕਤਸਰ ਸਾਹਿਬ ਸ਼ਾਮਲ ਹਨ।
ਓਧਰ ਮਾਨਸਾ ਜ਼ਿਲ੍ਹੇ ਦੇ ਪਿੰਡ ਹਮੀਰਗੜ੍ਹ ਢੈਪਈ ਵਿੱਚ ਅੱਜ ਸਵੇਰੇ 9 ਵਜੇ ਦੇ ਕਰੀਬ ਮਹਿੰਦਰਾ ਜ਼ਾਇਲੋ ਦੀ ਟਰਾਲੇ ਨਾਲ ਟੱਕਰ ਹੋ ਗਈ, ਜਿਸ ਵਿਚ ਪੁਲੀਸ ਅਨੁਸਾਰ ਚਾਰ ਜਾਣਿਆ ਦੀ ਮੌਤ ਹੋ ਗਈ ਹੈ ਅਤੇ 3 ਜਣੇ ਜ਼ਖ਼ਮੀ ਹੋ ਗਏ ਹਨ। ਆਮ ਰਾਹਗੀਰਾਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ 5 ਹੈ। ਪੁਲੀਸ ਅਨੁਸਾਰ ਜ਼ਾਇਲੋ ਖੜ੍ਹੇ ਟਰਾਲੇ ਵਿੱਚ ਵੱਜੀ। ਜ਼ਖ਼ਮੀਆਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।ਇਹ ਗੱਡੀ ਮਾਲੇਰਕੋਟਲਾ ਤੋਂ ਤਲਵੰਡੀ ਸਾਬੋ ਆ ਰਹੀ ਦੱਸੀ ਗਈ ਹੈ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੱਡੀ ਨੰਬਰ ਪੀ ਬੀ 13 9397 ਵਿਚ ਸਵਾਰ ਲੋਕਾਂ ਦੀ ਮੌਤ ਹੋਈ ਹੈ। ਪੁਲੀਸ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਪਛਾਣ ਪਰਮਜੀਤ ਕੌਰ ਪਤਨੀ ਸੁਖਮੰਦਰ ਸਿੰਘ, ਨਸੀਬ ਕੌਰ ਪਤਨੀ ਭਗਵਾਨ ਸਿੰਘ, ਭੋਲਾ ਰਾਮ ਪੁੱਤਰ ਵਰਖਾ ਰਾਮ, ਰਾਜ ਕੁਮਾਰ ਪੁੱਤਰ ਵਰਖਾ ਰਾਮ ਸ਼ਾਮਲ ਹਨ। ਜ਼ਖ਼ਮੀਆਂ ਵਿਚ ਡਰਾਈਵਰ ਰਛਪਾਲ ਸਿੰਘ, ਰੇਖਾ ਗਰਗ, ਮਨੀ ਸਿੰਘ ਸ਼ਾਮਲ ਹਨ।