ਰਾਜਧਾਨੀ ‘ਚ ਮੀਂਹ ਕਾਰਨ 9 ਮੌਤਾਂ, ਸੜਕਾਂ ਵੀ ਡੁੱਬੀਆਂ ਸਕੂਲ ਬੰਦ !

by vikramsehajpal

ਦਿੱਲੀ (ਸਾਹਿਬ) : ਦਿੱਲੀ ਵਿੱਚ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਨਾਲ ਹੀ ਵੀਰਵਾਰ ਨੂੰ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਸਬੰਧਿਤ ਅਧਿਕਾਰੀਆਂ ਮੁਤਾਬਕ, 5 ਅਗਸਤ ਤੱਕ ਤੇਜ਼ ਹਵਾਵਾਂ ਦੇ ਦਿੱਲੀ ਵਿੱਚ ਭਾਰੀ ਮੀਂਹ ਪੈ ਸਕਦਾ ਹੈ। ਉੱਧਰ ਵੀਰਵਾਰ ਸਵੇਰ ਤੋਂ ਹੀ ਦਿੱਲੀ-ਐਨਸੀਆਰ ਵਿੱਚ ਬੱਦਲਵਾਈ ਹੈ। ਕਈ ਥਾਵਾਂ ‘ਤੇ ਕਾਲੇ ਬੱਦਲ ਛਾਏ ਹੋਏ ਹਨ। ਐਨਸੀਆਰ ਖੇਤਰ ਵਿੱਚ ਵੀ ਇਹੋ ਸਥਿਤੀ ਹੈ। ਕਿਸੇ ਵੀ ਸਮੇਂ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਵੀਰਵਾਰ ਦੁਪਹਿਰ ਤਿੰਨ ਘੰਟੇ ਤੱਕ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੱਸ ਦਈਏ ਕਿ ਦਿੱਲੀ ਸਰਕਾਰ ਨੇ 1 ਅਗਸਤ ਨੂੰ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਦਿੱਲੀ ਦੇ ਸਿੱਖਿਆ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਕਿਹਾ ਹੈ ਕਿ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਬੰਦ ਰਹਿਣਗੇ। ਓਥੇ ਹੀ ਦਿੱਲੀ ਦੇ ਗਾਜ਼ੀਪੁਰ ਇਲਾਕੇ ਵਿੱਚ ਇੱਕ ਔਰਤ ਅਤੇ ਉਸਦਾ ਬੱਚਾ ਪਾਣੀ ਨਾਲ ਭਰੇ ਨਾਲੇ ਵਿੱਚ ਫਿਸਲਣ ਕਾਰਨ ਡੁੱਬ ਗਏ। ਪੁਲਿਸ ਦੇ ਅਨੁਸਾਰ, ਤਨੂਜਾ (22) ਅਤੇ ਉਸਦਾ ਤਿੰਨ ਸਾਲਾ ਬੇਟਾ ਇੱਕ ਹਫਤਾਵਾਰੀ ਬਾਜ਼ਾਰ ਤੋਂ ਘਰੇਲੂ ਸਮਾਨ ਖਰੀਦਣ ਲਈ ਨਿਕਲੇ ਸਨ ਤਾਂ ਘਰ ਪਰਤਣ ਵੇਲ੍ਹੇ ਉਹ ਪਾਣੀ ਨਾਲ ਭਰੇ ਨਾਲੇ ਵਿੱਚ ਡਿੱਗ ਕੇ ਡੁੱਬ ਗਏ। ਪੁਲਿਸ ਨੇ ਦੱਸਿਆ ਕਿ ਸੜਕ ਕਿਨਾਰੇ ਛੇ ਫੁੱਟ ਚੌੜੇ ਅਤੇ 15 ਫੁੱਟ ਡੂੰਘੇ ਨਾਲੇ ਦਾ ਨਿਰਮਾਣ ਚੱਲ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮਾਂ-ਪੁੱਤ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

ਉੱਧਰ, ਭਾਰੀ ਮੀਂਹ ਦੌਰਾਨ ਮਕਾਨ ਡਿੱਗਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਬਿੰਦਾਪੁਰ ਖੇਤਰ ਵਿੱਚ, ਇੱਕ 12 ਸਾਲ ਦਾ ਬੱਚਾ – ਟਿਊਸ਼ਨ ਤੋਂ ਘਰ ਪਰਤ ਰਿਹਾ ਸੀ ਕਿ ਉਸਨੂੰ ਬਿਜਲੀ ਦਾ ਕਰੰਟ ਲੱਗ ਗਿਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਉੱਧਰ, ਗੁਰੂਗ੍ਰਾਮ ‘ਚ ਭਾਰੀ ਮੀਂਹ ਤੋਂ ਬਾਅਦ ਹਾਈ ਟੈਂਸ਼ਨ ਤਾਰ ਦੇ ਸੰਪਰਕ ‘ਚ ਆਉਣ ਕਾਰਨ ਕਰੰਟ ਲੱਗਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ। ਗ੍ਰੇਟਰ ਨੋਇਡਾ ‘ਚ ਦਾਦਰੀ ਇਲਾਕੇ ‘ਚ ਕੰਧ ਡਿੱਗਣ ਨਾਲ ਦੋ ਦੀ ਮੌਤ ਹੋ ਗਈ।