ਕੈਨੇਡਾ ਭੇਜਣ ਦੇ ਨਾਂ ‘ਤੇ ਮਾਰੀ ਸਾਢੇ 9 ਲੱਖ ਦੀ ਠੱਗੀ, FIR ਦਰਜ

by nripost

ਲੁਧਿਆਣਾ (ਨੇਹਾ): ਆਪਸ ਵਿੱਚ ਮਿਲੀ ਭੁਗਤ ਕਰਕੇ ਤਿੰਨ ਵਿਅਕਤੀਆਂ ਨੇ ਲੁਧਿਆਣਾ ਦੇ ਰਹਿਣ ਵਾਲੇ ਤਰਸੇਮ ਲਾਲ ਘਈ ਨੂੰ ਧੋਖਾਧੜੀ ਦਾ ਸ਼ਿਕਾਰ ਬਣਾਇਆ। ਮੁਲਜ਼ਮਾਂ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਘਈ ਕੋਲੋਂ ਸਾਢੇ 9 ਲੱਖ ਰੁਪਏ ਦੀ ਰਕਮ ਹਾਸਲ ਕਰ ਲਈ। ਇਸ ਮਾਮਲੇ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਦਾਬਾ ਕਲੋਨੀ ਡਾਬਾ ਰੋਡ ਦੇ ਰਹਿਣ ਵਾਲੇ ਤਰਸੇਮ ਘਈ ਦੀ ਸ਼ਿਕਾਇਤ 'ਤੇ ਪਿੰਡ ਹੀਰਾਂ ਮਾਨਸਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਸੋਨੀ , ਉਸ ਦੇ ਸਾਥੀ ਸਰਬਾ ਤੇ ਅਰਸ਼ੀ ਖ਼ਿਲਾਫ਼ ਧੋਖਾਧੜੀ, ਅਪਰਾਧਕ ਸਾਜਿਸ਼ , ਦਸਤਾਵੇਜ਼ਾਂ ਨਾਲ ਛੇੜਛਾੜ ਤੇ ਇਮੀਗ੍ਰੇਸ਼ਨ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਤਰਸੇਮ ਲਾਲ ਘਈ ਨੇ ਦੱਸਿਆ ਕਿ ਕੁਝ ਸਮਾਂ ਪਹਿਲੋਂ ਉਨ੍ਹਾਂ ਨੇ ਕੈਨੇਡਾ ਜਾਣ ਦਾ ਮਨ ਬਣਾਇਆ।

ਇਸ ਦੌਰਾਨ ਉਨ੍ਹਾਂ ਦਾ ਸੰਪਰਕ ਮਾਨਸਾ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਉਰਫ ਸੋਨੀ ਨਾਲ ਹੋਇਆ। ਮੁਲਜ਼ਮ ਨੇ ਘਈ ਨੂੰ ਆਖਿਆ ਕਿ ਉਹ ਬੜੀ ਆਸਾਨੀ ਨਾਲ ਉਨ੍ਹਾਂ ਨੂੰ ਕੈਨੇਡਾ ਭੇਜ ਦੇਵੇਗਾ। ਮੁਲਜ਼ਮ ਨੇ ਆਪਣੇ ਸਾਥੀ ਸਰਬਾ ਤੇ ਅਰਸ਼ੀ ਨਾਲ ਮਿਲ ਕੇ ਤਰਸੇਮ ਲਾਲ ਘਈ ਨੂੰ ਝਾਂਸੇ ਵਿੱਚ ਲਿਆ ਤੇ ਜਾਲੀ ਦਸਤਾਵੇਜ਼ ਤਿਆਰ ਕਰਕੇ ਗਲਤ ਤੱਥਾਂ ਦੇ ਆਧਾਰ 'ਤੇ ਤਰਸੇਮ ਲਾਲ ਘਈ ਕੋਲੋਂ ਸਾਢੇ 9 ਲੱਖ ਰੁਪਏ ਹਾਸਲ ਕਰ ਲਏ । ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਮੁਲਜ਼ਮ ਨੇ ਨਾ ਤਾਂ ਤਰਸੇਮ ਲਾਲ ਘਈ ਨੂੰ ਕੈਨੇਡਾ ਭੇਜਿਆ ਤੇ ਨਾ ਹੀ ਉਨ੍ਹਾਂ ਦੀ ਰਕਮ ਵਾਪਸ ਕੀਤੀ। ਇਸ ਮਾਮਲੇ ਵਿੱਚ ਪੁਲਿਸ ਤੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ ਗਈ। ਇਸ ਕੇਸ ਵਿੱਚ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਜਾਂਚ ਤੋਂ ਬਾਅਦ ਗੁਰਪ੍ਰੀਤ ਸਿੰਘ ਉਰਫ ਸੋਨੀ ਸਰਬਾ ਤੇ ਅਰਸ਼ੀ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਵੇਗੀ।