ਬਰੈਂਪਟਨ ‘ਚ ਭਾਰਤੀ ਮੂਲ ਦੇ ਵਪਾਰੀ ਦੇ ਘਰ ’ਤੇ ਗੋਲੀਬਾਰੀ ਕਰਨ ਦੇ ਦੋਸ਼ ‘ਚ 7 ਪੰਜਾਬੀ ਗ੍ਰਿਫ਼ਤਾਰ

by nripost

ਓਂਟਾਰੀਓ (ਰਾਘਵ): ਓਂਟਾਰੀਓ ਦੀ ਪੀਲ ਪੁਲੀਸ ਨੇ ਫ਼ਿਰੌਤੀ ਲਈ ਬਰੈਂਪਟਨ ਦੇ ਘਰ ’ਤੇ ਦੋ ਵਾਰ ਗੋਲੀਬਾਰੀ ਕਰਨ ਦੇ ਮਾਮਲੇ ਵਿਚ ਸੱਤ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ’ਚੋਂ ਮਨਪ੍ਰੀਤ ਸਿੰਘ (27), ਦਿਲਪ੍ਰੀਤ ਸਿੰਘ (23) ਅਤੇ ਹਰਸ਼ਦੀਪ ਸਿੰਘ (23) ’ਤੇ ਬੀਤੀ 30 ਨਵਬੰਰ ਨੂੰ ਰਾਤ 2 ਵਜੇ ਮੌਂਟਿਨਬੈਰੀ ਰੋਡ ’ਤੇ ਮੌਂਟੈਨਿਸ਼ ਰੋਡ ਕੋਲ ਵਪਾਰੀ ਦੀ ਰਿਹਾਇਸ਼ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਦੇ ਦੋਸ਼ ਹਨ।

ਭਾਰਤੀ ਮੂਲ ਦੇ ਵਪਾਰੀ ਨੂੰ ਡਰਾ ਕੇ ਫਿਰੌਤੀ ਮੰਗਣ ਲਈ ਉਸ ਦੇ ਘਰ ’ਤੇ ਦੋ ਵਾਰ ਚਲਾਈਆਂ ਗੋਲੀਆਂ। ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਦੀ ਪਛਾਣ ਕਰ ਕੇ ਉਨ੍ਹਾਂ ਦੀ ਰਿਹਾਇਸ਼ ਦੀ ਤਲਾਸ਼ੀ ਦੌਰਾਨ ਉੱਥੋਂ ਬੰਦੂਕ ਤੇ ਗੋਲੀ ਸਿੱਕਾ ਮਿਲਿਆ। ਉਸੇ ਘਰ ’ਤੇ 2 ਜਨਵਰੀ ਦੀ ਰਾਤ ਨੂੰ ਫਿਰ ਗੋਲੀਬਾਰੀ ਕੀਤੀ ਗਈ। ਦੋਵੇਂ ਵਾਰ ਘਰ ਦੇ ਮੈਂਬਰ ਸੁਰੱਖਿਅਤ ਰਹੇ। ਦੂਜੀ ਗੋਲੀਬਾਰੀ ਪਹਿਲੇ ਮਸ਼ਕੂਕਾਂ ਦੇ ਜਾਣਕਾਰਾਂ ਵੱਲੋਂ ਕੀਤੇ ਹੋਣ ਦਾ ਸਬੂਤ ਕੈਮਰਿਆਂ ’ਚੋਂ ਮਿਲਣ ’ਤੇ ਇਹ ਸਾਫ਼ ਹੋ ਗਿਆ ਕਿ ਉਹ ਇੱਕੋ ਗਰੋਹ ਦੇ ਮੈਂਬਰ ਹਨ। ਪੁਲੀਸ ਨੇ ਮਸ਼ਕੂਕਾਂ ਧਰਮਪ੍ਰੀਤ ਸਿੰਘ (25), ਮਨਪ੍ਰਤਾਪ ਸਿੰਘ (27), ਆਤਮਜੀਤ ਸਿੰਘ (30) ਤੇ ਅਰਵਿੰਦਰਪਾਲ ਸਿੰਘ (21) ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।