ਸਿਡਨੀ (ਦੇਵ ਇੰਦਰਜੀਤ) : ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਨੂੰ ਤਕਰੀਬਨ ਡੇਢ ਮਹੀਨੇ ਤੋਂ ਤਾਲਾਬੰਦੀ ਝੱਲਣੀ ਪੈ ਰਹੀ ਹੈ, ਜਿਸ ਦੌਰਾਨ ਅਜੇ ਤੱਕ ਵੀ ਕੋਰੋਨਾ ਦੇ ਕੇਸ ਆ ਰਹੇ ਹਨ ਪਰ ਹੁਣ ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ’ਚ ਵੀ ਕੋਰੋਨਾ ਦਾ ਕਹਿਰ ਸ਼ੁਰੂ ਹੋਣ ਦੇ ਆਸਾਰ ਬਣ ਰਹੇ ਹਨ । ਕੈਨਬਰਾ ’ਚ ਕੋਰੋਨਾ ਦਾ ਇੱਕ ਮਰੀਜ਼ ਪਾਇਆ ਗਿਆ, ਜਿਸ ਤੋਂ ਬਾਅਦ ਕੈਨਬਰਾ ’ਚ 7 ਦਿਨ ਦੀ ਤਾਲਾਬੰਦੀ ਦਾ ਐਲਾਨ ਕਰ ਦਿੱਤਾ ਗਿਆ । ਜਾਂਚ ਮੁਤਾਬਕ ਹੁਣ ਇਹ ਗਿਣਤੀ ਵਧ ਕੇ ਤਿੰਨ ਹੋ ਗਈ ਹੈ । ਆਸਟ੍ਰੇਲੀਅਨ ਕੈਪੀਟਲ ਟੈਰੀਟਰੀ ਦੇ ਚੀਫ ਐਂਡ੍ਰਿਊ ਬ੍ਰਾਰ ਨੇ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਮਰੀਜ਼ ਨੂੰ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਹੈ ਅਤੇ ਉਸ ਵਿਅਕਤੀ ਦੇ ਸੰਪਰਕ ’ਚ ਆਉਣ ਵਾਲੇ ਲੋਕਾਂ ਦੇ ਟੈਸਟ ਕੀਤੇ ਜਾ ਰਹੇ ਹਨ ।
ਤਾਲਾਬੰਦੀ ਦਾ ਐਲਾਨ ਹੁੰਦਿਆਂ ਹੀ ਰਾਜਧਾਨੀ ਦੇ ਲੋਕਾਂ ’ਚ ਇਕਦਮ ਹੜਕੰਪ ਮਚ ਗਿਆ ਅਤੇ ਲੋਕ ਗਰੌਸਰੀ ਸਟੋਰਾਂ ਤੋਂ ਜ਼ਰੂਰਤ ਦੀਆਂ ਵਸਤਾਂ ਖਰੀਦਣ ਲਈ ਪਹੁੰਚ ਗਏ। ਲੋਕਾਂ ਦਾ ਕਹਿਣਾ ਸੀ ਕਿ ਕੈਨਬਰਾ ’ਚ ਕੋਰੋਨਾ ਦੇ ਮਰੀਜ਼ ਵਧਣ ਦੇ ਆਸਾਰ ਹਨ ਅਤੇ ਇਸੇ ਨੂੰ ਦੇਖਦਿਆਂ ਕੈਨਬਰਾ ’ਚ ਤਾਲਾਬੰਦੀ ਵੀ ਵਧਾਈ ਜਾ ਸਕਦੀ ਹੈ, ਇਸ ਲਈ ਲੋਕ ਆਪਣੀ ਜ਼ਰੂਰਤ ਦੀਆਂ ਵਸਤਾਂ ਖਰੀਦਣ ’ਚ ਲੱਗ ਗਏ ਤਾਂ ਜੋ ਉਹਨਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ।